ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜੁਲਾਈ
ਜ਼ਿਲ੍ਹੇ ਵਿੱਚ ਚੌਵੀ ਘੰਟਿਆਂ ਦੌਰਾਨ ਹੋਈ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਈ ਥਾਈਂ ਨੀਵੇਂ ਖੇਤਾਂ ਵਿੱਚ ਵਧੇਰੇ ਪਾਣੀ ਭਰਨ ਕਾਰਨ ਕਿਸਾਨ ਦਿਨ ਭਰ ਖੇਤਾਂ ਦੀਆਂ ਵੱਟਾਂ ’ਤੇ ਫਿਰਦੇ ਰਹੇ। ਉਂਜ ਇਸ ਮੀਂਹ ਨੇ ਇੱਕ ਵਾਰ ਫੇਰ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਦਿਵਾਇਆ ਹੈ। ਇਸ ਦੇ ਨਾਲ਼ ਹੀ ਸ਼ਾਹੀ ਸ਼ਹਿਰ ਇੱਕ ਵਾਰ ਮੁੜ ਜਲ-ਥਲ ਹੋ ਗਿਆ। ਬਰਸਾਤੀ ਪਾਣੀ ਦੇ ਨਿਕਾਸ ’ਤੇ ਭਾਵੇਂ ਕਿ ਵੱਡੇ ਫੰਡ ਖ਼ਰਚੇ ਜਾਣ ਦੇ ਦਾਅਵੇ ਕੀਤਾ ਜਾਂਦੇ ਹਨ ਪਰ ਸ਼ਹਿਰ ਵਿੱਚ ਭਰੇ ਪਾਣੀ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਕਈ ਸੜਕਾਂ ’ਤੇ ਭਰਿਆ ਪਾਣੀ ਰਾਹਗੀਰਾਂ ਲਈ ਮੁਸੀਬਤ ਬਣਿਆ ਰਿਹਾ।
ਇਕੱਤਰ ਵੇਰਵਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ’ਚ 24 ਘੰਟਿਆਂ ਵਿੱਚ ਕਰੀਬ 95 ਐਮਐਮ ਬਾਰਸ਼ ਹੋਈ। ਇਸ ਦੌਰਾਨ ਰਾਤ ਨੂੰ ਜ਼ਿਆਦਾ ਕਰੀਬ 49 ਐਮਐਮ ਮੀਂਹ ਪਿਆ। ਇਸ ਮੀਂਹ ਨਾਲ ਤਾਪਮਾਨ ਵੀ 4.5 ਡਿਗਰੀ ਡਿੱਗ ਗਿਆ।
ਭਾਵੇਂ ਕਿ ਸ਼ਹਿਰ ਦੇ ਬਹੁਤੇ ਇਲਾਕਿਆਂ ’ਚ ਪਾਣੀ ਪਾਣੀ ਹੀ ਨਜ਼ਰ ਆ ਰਿਹਾ ਸੀ ਪਰ ਖ਼ਾਸ ਕਰ ਕੇ ਤ੍ਰਿਪੜੀ ਖੇਤਰ ’ਚ ਹਾਲਾਤ ਵਧੇਰੇ ਗੰਭੀਰ ਹਨ। ਇਸ ਖੇਤਰ ’ਚ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਨਹੀਂ ਹਨ। ਪਟਿਆਲਾ ਦੀ ਭਾਦਸੋਂ ਚੁੰਗੀ ਦੇ ਕੋਲ਼ੋਂ ਦੀ ਹੋ ਕੇ ਮਨਜੀਤ ਨਗਰ ਨੂੰ ਜਾਂਦੀ ਸੜਕ ਪਾਣੀ ਵਿੱਚ ਡੁੱਬਣ ਕਾਰਨ ਰਾਹਗੀਰ ਖੱਜਲ ਹੁੰਦੇ ਰਹੇ। ਇਥੋਂ ਤੱਕ ਕਿ ਮੀਂਹ ਦੇ ਪਾਣੀ ਨੇ ਕੁਝ ਘਰਾਂ ’ਚ ਵੀ ਦਸਤਕ ਦਿੱਤੀ। ਐਲਐਂਡਟੀ ਕੰਪਨੀ ਵੱਲੋਂ ਨਹਿਰੀ ਪਾਣੀ ਲਈ ਪਾਈਪਾਂ ਪਾਉਣ ਕਰ ਕੇ ਪੁੱਟੀ ਸੜਕ ਵੀ ਦਿਕਤਾਂ ਦੇ ਰਹੀ ਹੈ। ਇਲਾਕਾ ਵਾਸੀ ਨਵਨੀਤ ਸਿੰਘ, ਜਸਪ੍ਰੀਤ ਕੌਰ, ਹਰਵਿੰਦਰ ਸਿੰਘ ਤੇ ਗੁਰਮੁੱਖ ਸਿੰਘ ਸਣੇ ਕਈ ਹੋਰਾਂ ਨੇ ਇਸ ਖੇਤਰ ’ਚ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਹਰਿਆਣਾ ਦੀ ਹੱਦ ਨਾਲ ਲੱਗਦੇ ਇਲਾਕੇ ’ਚ ਹੜ੍ਹਾਂ ਦਾ ਖ਼ਤਰਾ
ਡਕਾਲਾ (ਪੱਤਰ ਪ੍ਰੇਰਕ): ਲੰਘੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਸ਼ ਤੋਂ ਇਲਾਕੇ ਦੇ ਨੀਵੇਂ ਖੇਤਾਂ ਵਾਲੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ| ਹਰਿਆਣਾ ਹੱਦ ਨਾਲ ਲੱਗਦੇ ਇਸ ਇਲਾਕੇ ’ਚੋਂ ਘੱਗਰ ਸਣੇ ਹੋਰ ਕਈ ਨਿਕਾਸੀ ਤੇ ਸੇਮ ਨਾਲੇ ਲੰਘਦੇ ਹਨ| ਹਾਂਸੀ-ਬੁਟਾਣਾ ਨਹਿਰ ਵੀ ਇਸ ਇਲਾਕੇ ਵਿੱਚੋਂ ਗੁਜ਼ਰਦੀ ਹੈ| ਅਜਿਹੇ ਹਾਲਾਤ ਵਿੱਚ ਇਲਾਕੇ ਕਾਫ਼ੀ ਜ਼ਿਆਦਾ ਰਕਬਾ ਪਾਣੀ ਦੀ ਮਾਰ ਹੇਠ ਹੈ। ਲਗਾਤਾਰ ਹੋ ਰਹੀ ਬਰਸਾਤ ਤੋਂ ਕਈ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ| ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਝੋਨੇ ਦੇ ਖੇਤ ਪਾਣੀ ’ਚ ਚੌਵੀ ਘੰਟੇ ਤੋਂ ਵੱਧ ਸਮੇਂ ਤੋਂ ਡੁੱਬੇ ਰਹਿਣ ਤਾਂ ਨੁਕਸਾਨ ਹੋਣ ਦਾ ਖ਼ਦਸ਼ਾ ਹੈ| ਇਲਾਕੇ ਵਿੱਚ ਜਲ ਨਿਕਾਸੀ ਪ੍ਰਬੰਧ ਮਾੜੀ ਹਾਲਤ ਵਿੱਚ ਹਨ। ਨੀਵੇਂ ਖੇਤਾਂ ਵਾਲੇ ਕਿਸਾਨਾਂ ‘ਚ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ| ਦੱਸਣਯੋਗ ਹੈ ਕਿ ਇਹ ਇਲਾਕਾ ਪਿਛਲੇ ਕਈ ਸਾਲਾਂ ਤੋਂ ਘੱਗਰ ਦੇ ਹੜ੍ਹਾਂ ਦੀ ਮਾਰ ਸਹਿੰਦਾ ਆ ਰਿਹਾ ਹੈ| ਇਲਾਕੇ ਦੇ ਕਾਫ਼ੀ ਰਕਬੇ ਨੂੰ ਪਟਿਆਲਾ ਨਦੀ ਦੀ ਮਾਰ ਵੀ ਪੈਂਦੀ ਹੈ ਤੇ ਹੁਣ ਵੀ ਇਹ ਨਦੀ ਦੇ ਪਾਣੀ ਦਾ ਪੱਧਰ ਵਧਣ ਤੋਂ ਕਿਸਾਨ ਚਿੰਤਾਂ ਵਿੱਚ ਪੈਣ ਲੱਗੇ ਹਨ| ਪੀੜਤ ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਦੀ ਮੁਸ਼ਕਲ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਤਿ ਸੰਜੀਦਾ ਹੋਣ ਦੀ ਲੋੜ ਹੈ| ਇਲਾਕੇ ਵਿੱਚ ਅੱਜ ਤੀਜੇ ਦਿਨ ਵੀ ਕਾਫ਼ੀ ਬਾਰਸ਼ ਹੋਈ ਹੈ|