ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਗਸਤ
ਸ਼ਨਿੱਚਰਵਾਰ ਨੂੰ ਘੰਟਾ ਭਰ ਪਈ ਭਰਵੀਂ ਬਾਰਸ਼ ਨੇ ਅੱਜ ਇੱਕ ਵਾਰ ਮੁੜ ਸ਼ਾਹੀ ਸ਼ਹਿਰ ਨੂੰ ਜਲਥਲ ਕਰ ਦਿੱਤਾ। ਭਾਵੇਂ ਨਗਰ ਨਿਗਮ ਦੇ ਮੁਲਾਜ਼ਮ ਅਤੇ ਹੋਰ ਅਮਲਾ ਵੀ ਬਾਰਸ਼ ਦੌਰਾਨ ਸਰਗਰਮ ਰਿਹਾ ਪਰ ਬਾਰਸ਼ ਵਧੇਰੇ ਹੋ ਜਾਣ ਕਾਰਨ ਇਸ ਵਾਰ ਵੀ ਸ਼ਹਿਰ ਦੇ ਕਈ ਲਾਕੇ ਪਾਣੀ ਨਾਲ਼ ਭਰ ਗਏ। ਸ਼ਹਿਰ ਵਿਚਲੀਆਂ ਕਈ ਸੜਕਾਂ ’ਤੇ ਨਹਿਰਾਂ ਅਤੇ ਸੂਇਆਂ ਵਾਂਗ ਪਾਣੀ ਭਰਿਆ ਰਿਹਾ। ਕੁਝ ਸੜਕਾਂ ਦੀ ਬਣਤਰ ਦਰੁਸਤ ਨਾ ਹੋਣ ਕਾਰਨ ਹਲਕੀ ਬਾਰਸ਼ ਨਾਲ ਹੀ ਪਾਣੀ ਭਰ ਜਾਂਦਾ ਹੈ ਪਰ ਅੱਜ ਤਾਂ ਮੁੜ ਭਰਵੀਂ ਬਾਰਸ਼ ਹੋਈ। ਇਸ ਕਾਰਨ ਅਨੇਕਾਂ ਸੜਕਾਂ ਅਤੇ ਖੇਤਰਾਂ ਵਿੱਚ ਪਾਣੀ ਭਰਿਆ ਰਿਹਾ।
ਅਸਲ ’ਚ ਇਸ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਹੀ ਲੋਕਾਂ ਨੂੰ ਅਜਿਹੀ ਸਮੱਸਿਆ ਦਾ ਹਰ ਵਾਰ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਦਾ ਇੱਕੋ ਇਕ ਜ਼ਰੀਆ ਸਿਰਫ ਸੀਵਰੇਜ ਸਿਸਟਮ ਹੀ ਹੈ ਜਿਸ ਕਰਕੇ ਜ਼ਿਆਦਾ ਮੀਂਹ ਪੈਣ ਨਾਲ਼ ਸ਼ਹਿਰ ਦੀਆਂ ਨੀਵੀਂਆਂ ਥਾਵਾਂ ਅਤੇ ਸੜਕਾਂ ਜਲਥਲ ਹੋ ਜਾਂਦੀਆਂ ਹਨ। ਕਈ ਸਰਕਾਰੀ ਦਫਤਰਾਂ ਅਤੇ ਇਮਾਰਤਾਂ ’ਚ ਵੀ ਬਰਸਾਤ ਦਾ ਪਾਣੀ ਚਲਾ ਜਾਂਦਾ ਹੈ। ਸਰਕਾਰੀ ਦਫਤਰਾਂ ਦੀਆਂ ਅਨੇਕਾਂ ਹੀ ਇਮਾਰਤਾਂ ਅਜਿਹੀਆਂ ਵੀ ਹਨ ਜੋ ਮੀਂਹ ਪੈਣ ’ਤੇ ਤਿਪਕਣ ਲੱਗ ਜਾਂਦੀਆਂ ਹਨ। ਅਜਿਹੀ ਸੂਰਤ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲੈਰੀਕਲ ਸਟਾਫ਼ ਐਸੋਸੀਏਸਨ ਦੇ ਜ਼ਿਲ੍ਹਾ ਪ੍ਰਧਾਨ ਅਮਰ ਬਹਾਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਸਮੂਹ ਦਫਤਰਾਂ ਦੀ ਮੁਰੰਮਤ ਕਰਵਾਈ ਜਾਵੇ। ਇਸੇ ਦੌਰਾਨ ਅੱਜ ਵੀ ਪਹਿਲਾਂ ਵਾਂਗ ਬਰਸਾਤ ਹਟਣ ਤੋਂ ਮਗਰੋਂ ਵੀ ਕਾਫੀ ਦੇਰ ਤੱਕ ਸੜਕਾਂ ’ਤੇ ਪਾਣੀ ਭਰਿਆ ਰਿਹਾ। ਦੁਪਹੀਆ ਵਾਹਨਾਂ ਵਾਲ਼ੇ ਅਤੇ ਰਾਹਗੀਰਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਕਰੀਬ ਸਵਾ ਘੰਟਾ ਬਾਰਸ਼ ਪਈ ਪਰ ਇਹ ਬਾਰਸ਼ ਜ਼ਿਆਦਾਤਰ ਪਟਿਆਲਾ ਦੇ ਸ਼ਹਿਰੀ ਖੇਤਰ ਵਿੱਚ ਵੀ ਹੋਈ। ਦਿਹਾਤੀ ਖੇਤਰਾਂ ਵਿੱਚ ਘੱਟ ਮੀਂਹ ਪਿਆ।
ਸ਼ਹਿਰ ਵਿੱਚ ਅੱਜ 3 ਐਮ.ਐਮ ਮੀਂਹ ਪਿਆ ਜਿਸ ਨਾਲ਼ ਮੌਸਮ ’ਚ ਠੰਢਕ ਆ ਗਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਤਾਂ ਅਗਲੇ ਤਿੰੰਨ ਦਿਨ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੀਂਹ ਤੋਂ ਜਲਦੀ ਬਾਅਦ ਹੀ ਸ਼ਹਿਰ ਦੇ ਸਮੁੱਚੇ ਖੇਤਰਾਂ ਵਿਚੋਂ ਬਰਸਾਤ ਦਾ ਪਾਣੀ ਨਿਕਲ਼ ਗਿਆ ਸੀ।