ਖੇਤਰੀ ਪ੍ਰਤੀਨਿਧ
ਪਟਿਆਲਾ, 20 ਜੂਨ
‘ਦੌੜ ਜਾਂ ਹੋਰ ਖੇਡਾਂ ਆਪਣੀ ਜਗ੍ਹਾ ਹਨ ਅਤੇ ਯੋਗ ਆਪਣੀ ਜਗ੍ਹਾ ਹੈ। ਦੋਵਾਂ ਦੀ ਆਪੋ-ਆਪਣੀ ਮਹੱਤਤਾ ਹੈ।’ ਇਹ ਗੱਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਖੀ। ਉਹ ਯੂਨੀਵਰਸਿਟੀ ਕੈਂਪਸ ਦੇ ਖੇਡ ਵਿਭਾਗ ਵਿਚਲੇ ਜਿਮਨੇਜ਼ੀਅਮ ਹਾਲ ਵਿੱਚ ਐੱਨ.ਐੱਸ.ਐੱਸ. ਵਿਭਾਗ ਵੱਲੋਂ ਸਵੇਰੇ ਛੇ ਵਜੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਕੌਮਾਂਤਰੀ ਯੋਗ ਦਿਹਾੜੇ ਸਬੰਧੀ ਕਰਵਾਇਆ ਗਿਆ। ਯੋਗਾ ਦੀ ਮਹੱਤਤਾ ’ਤੇ ਵਰਕਸ਼ਾਪ ਅਤੇ ਸੈਮੀਨਾਰ ਯੂਨੀਵਰਸਿਟੀ ਦੇ ਖੇਡ ਵਿਭਾਗ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵੱਲੋਂ ਕੀਤਾ ਗਿਆ ਜਿਸ ਵਿੱਚ ਵੀ.ਸੀ ਪ੍ਰੋ. ਅਰਵਿੰਦ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਅਤੇ ਯੋਗਾ ਵੀ ਕੀਤਾ। ਇਸ ਮੌਕੇ ਮੁੱਖ ਵਕਤਾ ਵਜੋਂ ਹੀ ਹਾਜ਼ਰ ਹੋਏ ਡਾ. ਤਰਲੋਕ ਸਿੰਘ ਸੰਧੂ (ਓਲੰਪੀਅਨ) ਨੇ ਯੋਗਾ ਦੀ ਮਹੱਤਤਾ ਬਾਰੇ ਸਮਝਾਇਆ। ਇਸ ਮੌਕੇ ਈ.ਐੱਮ.ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ, ਐੱਨ.ਐੱਸ.ਐੱਸ. ਦੇ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਹਾਜ਼ਰ ਰਹੇ।