ਹਰਵਿੰਦਰ ਕੌਰ ਨੌਹਰਾ
ਨਾਭਾ, 17 ਸਤੰਬਰ
ਕਰੋਨਾ ਦੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਔਕਸੀਮੀਟਰ ਮੁਹਿੰਮ ਨੂੰ ਨਾਭਾ ਹਲਕੇ ਦੇ ਲੋਕਾਂ ਵੱਲੋਂ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ‘ਆਪ’ ਆਗੂ ਜੱਸੀ ਸੋਹੀਆਂ ਵਾਲਾ, ਦੇਵ ਮਾਨ ਨੇ ਪਿੰਡ ਸਾਧੋਹੇੜੀ, ਸਕੋਹਾਂ, ਗਲਵੱਟੀ ਵਿੱਚ ਇਸ ਮੁਹਿੰਮ ਦੌਰਾਨ ਲੋਕਾਂ ਦੇ ਆਕਸੀਜਨ ਪੱਧਰ ਦੀ ਜਾਂਚ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਰਟੀ ਵੱਲੋਂ 16 ਹਜ਼ਾਰ ਆਕਸੀਜਨ ਜਾਂਚ ਕੇਂਦਰ ਖੋਲ੍ਹੇ ਗਏ ਹਨ ਅਤੇ ਪਾਰਟੀ ਵੱਲੋਂ ਬਣਾਏ ਗਏ ਆਕਸੀ ਮਿੱਤਰ ਵਾਲੰਟੀਅਰ ਘਰ-ਘਰ ਜਾ ਕੇ ਲੋਕਾਂ ਦੇ ਆਕਸੀਜਨ ਪੱਧਰ ਦੇ ਟੈਸਟ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਸਰਕਾਰ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕੀ ਜਦਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਮੌਕੇ ਨਰਿੰਦਰ ਖੇੜੀਮਾਨੀਆਂ, ਜਰਨੈਲ ਸਿੰਘ ਗਲਵੱਟੀ, ਭਜਨ ਸਿੰਘ ਗਲਵੱਟੀ, ਦਿਲਪ੍ਰੀਤ ਸਿੰਘ ਸਕੋਹਾਂ, ਅਮਰਜੀਤ ਸਿੰਘ, ਗੁਰਲਾਲ ਫੈਜਗੜ੍ਹ ਮੌਜੂਦ ਸਨ।
ਭਟੇੜੀ ਵਾਸੀ ਔਰਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਇੱਥੋਂ ਨੇੜਲੇ ਪਿੰਡ ਭਟੇੜੀ ਵਿੱਚ ਬੱਬੂ ਦਿਲਹੋਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਲਾਮਬੰਦੀ ਮੀਟਿੰਗ ਕੀਤੀ ਗਈ। ਇਸ ਵਿੱਚ ਪਾਰਟੀ ਆਗੂ ਨੀਨਾ ਮਿੱਤਲ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਵੱਡੀ ਗਿਣਤੀ ਪਿੰਡ ਦੀਆਂ ਔਰਤਾਂ ਸ਼ਾਮਲ ਸਨ। ਇਸ ਮੌਕੇ ਨੀਨਾ ਮਿੱਤਲ ਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰਨ ਮੌਕੇ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਇਸਲਾਮ ਅਲੀ, ਕਰਮ ਸਿੰਘ, ਕ੍ਰਿਸ਼ਨ ਪੂਰੀ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ ਰੰਗੀਆਂ ਮੌਜੂਦ ਸਨ।