ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਜੁਲਾਈ
ਇਲਾਕੇ ਵਿੱਚ ਪਈ ਭਾਰੀ ਬਰਸਾਤ ਦੌਰਾਨ ਖੇਤਾਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਬਲਾਕ ਪਾਤੜਾਂ ਅਧੀਨ ਆਉਂਦੇ ਪਿੰਡ ਦਿਆਲ ਨਗਰ ਹਾਮਝੇੜੀ ਨੂੰ ਜਾਂਦੀ ਸੜਕ ਹੇਠਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਦੱਬੀਆਂ ਗਈਆਂ ਪੁਲੀਆਂ ਨੂੰ ਕੁਝ ਵਿਅਕਤੀਆਂ ਵੱਲੋਂ ਬੰਦ ਕਰ ਦਿੱਤੇ ਜਾਣ ਕਰਕੇ ਸੜਕ ਹੇਠੋਂ ਪਾਣੀ ਦੇ ਹੋਏ ਰਿਸਾਅ ਦੇ ਚਲਦਿਆਂ ਸੜਕ ਟੁੱਟ ਗਈ ਤੇ ਪਾਣੀ ਵਿੱਚ ਵਹਿ ਗਈ। ਇਸ ਕਾਰਨ ਦਿਆਲ ਨਗਰ ਹਾਮਝੇੜੀ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਗਿਆ। ਪਾਣੀ ਕਾਰਨ ਸੜਕ ਵਿੱਚ ਪਏ ਪਾੜ ਦਾ ਪਤਾ ਲੱਗਦਿਆਂ ਹੀ ਤਹਿਸੀਲਦਾਰ ਪਾਤੜਾਂ ਮਨਦੀਪ ਕੌਰ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਸਰਪੰਚ ਮੋਹਨ ਸਿੰਘ ਸਿੱਧੂ ਨੇ ਦੱਸਿਆ ਕਿ ਬਰਸਾਤ ਕਰਕੇ ਸੜਕ ਦੇ ਉੱਪਰਲੇ ਪਾਸੇ ਪੈਂਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਜਿਸ ਕਰਕੇ ਹੇਠਲੇ ਪਾਸੇ ਵਾਲੇ ਖੇਤਾਂ ਦੇ ਮਾਲਕ ਅਤੇ ਉਸ ਦੇ ਲੜਕੇ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਸੜਕ ਥੱਲੇ ਦੱਬੀ ਹੋਈ ਪੁਲੀ ਵਿਚ ਪਰਾਲੀ ਅਤੇ ਹੋਰ ਕੂੜ ਕਬਾੜ ਲਗਾ ਕੇ ਪੁਲ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪੁਲੀ ਬੰਦ ਕਰ ਰਹੇ ਸਨ ਤਾਂ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਜਾ ਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਅਤੇ ਪੁਲੀਆਂ ਨੂੰ ਜਬਰੀ ਬੰਦ ਕਰ ਦਿੱਤਾ।
ਤਹਿਸੀਲਦਾਰ (ਪਾਤੜਾਂ) ਮਨਦੀਪ ਕੌਰ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰਸਤੇ ਨੂੰ ਬਹਾਲ ਕਰ ਦਿੱਤਾ ਜਾਾਵੇਗਾ।