ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਅਗਸਤ
ਨੇੜਲੇ ਪਿੰਡ ਰਸੌਲੀ ਵਿੱਚ ਮੀਂਹ ਦੌਰਾਨ ਇਕ ਗਰੀਬ ਦਾ ਮਿੱਟੀ, ਗਾਰੇ ਦੀਆਂ ਕੱਚੀਆਂ ਇੱਟਾਂ ਨਾਲ ਬਣਾਇਆ ਘਰ ਡਿੱਗਣ ਕਾਰਨ ਖੁੱਲ੍ਹੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਮੁੜ ਤੋਂ ਰਹਿਣ ਬਸੇਰਾ ਬਣਾ ਕੇ ਦਿੱਤਾ ਜਾਵੇ।
ਪਿੰਡ ਰਸੌਲੀ ਦੇ ਤੇਜਾ ਰਾਮ ਨੇ ਦੱਸਿਆ ਕਿ ਉਹ ਪਤਨੀ ਸਮੇਤ ਇਸ ਕੱਚੇ ਘਰ ਵਿੱਚ ਪਿਛਲੇ 30 ਸਾਲਾਂ ਤੋਂ ਰਹਿ ਰਿਹਾ ਹੈ। ਉਹ ਦਿਹਾੜੀਦਾਰ ਆਦਮੀ ਹੈ ਅਤੇ ਸਿਰਫ਼ ਰੋਟੀ ਖਾਣ ਜੋਗੀ ਕਮਾਈ ਹੁੰਦੀ ਹੈ ਇਸ ਕਰ ਕੇ ਕਈ ਵਾਰ ਪੰਚਾਂ-ਸਰਪੰਚਾਂ ਕੋਲ ਸਰਕਾਰੀ ਇਮਦਾਦ ਦਿਵਾਉਣ ਲਈ ਵਾਰ-ਵਾਰ ਬੇਨਤੀਆਂ ਕਰ ਚੁੱਕਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਮੀਂਹ ਕਾਰਨ ਉਸ ਦੇ ਕੱਚੀਆਂ ਇੱਟਾਂ ਅਤੇ ਮਿੱਟੀ ਗਾਰੇ ਨਾਲ ਬਣੇ ਘਰ ਦੀ ਛੱਤ ਬਰਸਾਤ ਕਾਰਨ ਡਿੱਗ ਗਈ ਹੈ। ਹੁਣ ਬਾਹਰ ਪਏ ਸਾਮਾਨ ਨਾਲ ਖ਼ੁਦ ਵੀ ਦੋਵੇਂ ਜੀਅ ਖੁੱਲ੍ਹੇ ਅਸਮਾਨ ਹੇਠ ਰਾਤਾਂ ਗੁਜ਼ਾਰ ਰਹੇ ਹਨ।
ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਮਕਾਨ ਦੀ ਪੱਕੀ ਛੱਤ ਬਣਵਾਉਣ ਲਈ ਮਦਦ ਕੀਤੀ ਜਾਵੇ।