ਰਾਜਪੁਰਾ (ਪੱਤਰ ਪ੍ਰੇਰਕ): ਇਸ ਖਿੱਤੇ ਵਿੱਚ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਅੱਜ ਸਵੇਰੇ ਸ਼ਹਿਰ ਦੀ ਸ਼ਿਵ ਕਲੋਨੀ ਵਿੱਚ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰਿਵਾਰ ਵਿੱਚ ਕੇਵਲ ਸੱਸ-ਨੂੰਹ ਹੀ ਹਨ। ਮੌਕੇ ’ਤੇ ਮੋਜੂਦ ਪੀੜਤ ਮਹਿਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਦੋ ਕਮਰੇ ਅਤੇ ਇੱਕ ਰਸੋਈ ਹੈ। ਘਰ ਦੀ ਛੱਤ ਬਾਲੇ ਤੇ ਗਾਰਡਰਾਂ ਦੀ ਹੈ ਜੋ ਕਾਫੀ ਖਸਤਾ ਹਾਲਤ ਵਿੱਚ ਹੈ। ਇਸ ਦੇ ਇੱਕ ਕਮਰੇ ਦੀ ਛੱਤ ਕੁਝ ਦਿਨਾਂ ਤੋਂ ਮੀਂਹ ਵਿੱਚ ਚੋਣ ਕਾਰਨ ਉਹ ਅਤੇ ਉਸ ਦੀ ਸੱਸ ਗੁਰਦੇਵ ਕੌਰ ਨਾਲ ਵਾਲੇ ਕਮਰੇ ਵਿੱਚ ਸੁੱਤੀਆਂ ਸਨ। ਅੱਜ ਸਵੇਰੇ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਬੈੱਡ ਅਤੇ ਹੋਰ ਘਰੇਲੂ ਸਾਮਾਨ ਮਲਬੇ ਹੇਠ ਦੱਬ ਕੇ ਖਰਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਘਰ ਵਿੱਚ ਕੋਈ ਕਮਾਊ ਮੈਂਬਰ ਨਹੀਂ। ਕੇਵਲ 1500 ਰੁਪਏ ਪੈਨਸ਼ਨ ’ਤੇ ਉਹ ਆਪਣਾ ਗੁਜ਼ਾਰਾ ਕਰ ਰਹੀਆਂ ਹਨ। ਮੌਕੇ ’ਤੇ ਮੌਜੂਦ ਕਲੋਨੀ ਵਾਸੀਆਂ ਆਨੰਦ ਕੁਮਾਰ, ਰਾਕੇਸ਼ ਕੁਮਾਰ, ਗਿਆਨ ਕੌਰ ਅਤੇ ਬਲਦੇਵ ਕੌਸ਼ਲ ਸਮੇਤ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੇ ਘਰ ਦੀ ਉਸਾਰੀ ਕਰਵਾਈ ਜਾਵੇ।