ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੇ ਖ਼ਿਲਾਫ਼ ਪੰਜਾਬ ਸਰਕਾਰ ਦੀ ਵਿਰੋਧੀ ਧਿਰ ਮਗਰੋਂ ਹੁਣ ਹੁਕਮਰਾਨ ਧਿਰ ਵੱਲੋਂ ਵੀ ਮੋਰਚਾ ਖੋਲ੍ਹਣ ਦੀ ਤਿਆਰੀ ਕੱਸੀ ਜਾਣ ਲੱਗੀ ਹੈ। ਅਜਿਹੀ ਕੜੀ ਵਜੋਂ ਅੱਜ ਜ਼ਿਲ੍ਹੇ ਦੇ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਵਾਈਸ ਚਾਂਸਲਰ ਦੇ ਘਰ ਅੱਗੇ ਪੂਟਾ ਵੱਲੋਂ ਦਿੱਤੇ ਜਾਣ ਵਾਲੇ ਰੋਸ ਧਰਨੇ ’ਚ ਸ਼ਿਰਕਤ ਕਰਨ ਦਾ ਪ੍ਰੋਗਰਾਮ ਸੀ, ਜਿਹੜਾ ਕਰੋਨਾ ਦੀ ਵਜ੍ਹਾ ਕਾਰਨ ਐਨ ਮੌਕੇ ’ਤੇ ਮੁਲਤਵੀ ਕਰਨਾ ਪਿਆ।
ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੀ ਪੂਟਾ ਦੇ ਵਾਈਸ ਚਾਂਸਲਰ ਦੇ ਘਰ ਅੱਗੇ ਦਿੱਤੇ ਜਾਣ ਵਾਲੇ ਰੋਸ ਧਰਨੇ ‘ਚ ਸ਼ਿਰਕਤ ਕਰਨੀ ਸੀ, ਜਿਸ ਸਬੰਧੀ ਮੀਡੀਆ ਨੂੰ ਬਕਾਇਦਾ ਪੂਟਾ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਵੱਲੋਂ ਲਿਖਤੀ ਸੁਨੇਹੇ ਵੀ ਦੇ ਦਿੱਤੇ ਗਏ ਸਨ। ਸਿਆਸੀ ਹਲਕਿਆਂ ’ਚ ਇਹ ਗੱਲ ਬੜੀ ਅਚੰਭੇ ਵਾਲੀ ਮੰਨੀ ਜਾ ਰਹੀ ਸੀ ਕਿ ਆਖਿਰ ਸੱਤਾ ਧਿਰ ਨੂੰ ਆਪਣੀ ਸਰਕਾਰ ਦੇ ਨਾਮਜ਼ਦ ਵਾਈਸ ਚਾਂਸਲਰ ਖ਼ਿਲਾਫ ਰੋਸ ਧਰਨਾ ਦੇਣ ਲਈ ਕੀ ਮਜਬੂਰੀ ਪੈ ਗਈ ਹੈ। ਵਿਧਾਇਕ ਜਲਾਲਪੁਰ ਨੇ ਮੰਨਿਆ ਕਿ ਅੱਜ ਉਹਨਾਂ ਦਾ ਪ੍ਰੋਗਰਾਮ ਪੂਟਾ ਦੇ ਧਰਨੇ ’ਚ ਜਾਣ ਦਾ ਸੀ, ਪ੍ਰੰਤੂ ਉਨ੍ਹਾਂ ਦੇ ਇੱਕ ਪੀ.ਏ. ਮੰਗਤ ਨੂੰ ਕਰੋਨਾ ਪਾਜ਼ੇਟਿਵ ਆਉਣ ਦੀ ਵਜ੍ਹਾ ਸਾਰੇ ਉਲੀਕੇ ਪ੍ਰੋਗਰਾਮ ਐਨ ਮੌਕੇ ’ਤੇ ਦੋ ਦਿਨਾਂ ਲਈ ਮੁਲਤਵੀ ਕਰਨੇ ਪਏ ਹਨ। ਉਨ੍ਹਾਂ ਆਖਿਆ ਕਿ ਵਾਈਸ ਚਾਂਸਲਰ ਯੂਨੀਵਰਸਿਟੀ ਨੂੰ ਢੰਗ ਸਿਰ ਚਲਾਉਣ ’ਚ ਫੇਲ੍ਹ ਸਾਬਤ ਹੋ ਰਹੇ ਹਨ।
ਉਧਰ ਰੋਸ ਧਰਨੇ ਦੌਰਾਨ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤੇ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਉੱਤੇ ਡੇਢ ਸੌ ਕਰੋੜ ਦੇ ਕਰਜ਼ੇ ਦੇ ਕੀ ਕਾਰਨ ਹਨ ਉਨ੍ਹਾਂ ਦੀ ਪੜਤਾਲ ਹੋਣੀ ਚਾਹੀਦੀ ਹੈ। ਪਿਛਲੇ ਸਮੇਂ ਦੌਰਾਨ ਹੋਈਆਂ ਬੇਨਿਯਮੀਆਂ ਦੀ ਵੀ ਘੋਖ ਹੋਣੀ ਚਾਹੀਦੀ ਹੈ। ਉਨ੍ਹਾਂ ਐਡਹਾਕ ਅਧਿਆਪਕਾਂ ਦੇ ਸਾਲਾਨਾ ਇੰਕਰੀਮੈਂਟ ਤੁਰੰਤ ਲਗਾਉਣ ਦੀ ਮੰਗ ਕੀਤੀ।