ਖੇਤਰੀ ਪ੍ਰਤੀਨਿਧ
ਪਟਿਆਲਾ, 6 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਸਫਾਈ ਸੇਵਕਾਂ ਨੂੰ ਪ੍ਰਤੀ ਮੈਂਬਰ ਡੇਢ ਸਾਲ ਪਹਿਲਾਂ ਲਾਏ ਗਏ 1500 ਦੇ ਇੰਕਰੀਮੈਂਟ ਦੀ ਅਦਾਇਗੀ ਕਰਵਾਉਣ ਅਤੇ ਹੋਰ ਮੰਗਾਂ ਸਬੰਧੀ ‘ਡੇਲੀਵੇਜ ਸਫਾਈ ਕਰਮਚਾਰੀ ਯੂਨੀਅਨ’ ਦੇ ਪ੍ਰਧਾਨ ਰਾਜੇਸ਼ ਗੱਗੂ, ਪਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਦੀ ਅਗਵਾਈ ਹੇਠਾਂ ਵੀ.ਸੀ ਦਫਤਰ ਮੂਹਰੇ ਸ਼ੁਰੂ ਕੀਤੀ ਗਈ ਭੁੱੱਖ ਹੜਤਾਲ਼ ਅੱਜ ਨੌਵੇਂ ਦਿਨ ਵੀ ਜਾਰੀ ਰਹੀ। ਉਧਰ ਇਸ ਸੰਘਰਸ਼ ਦੀ ਡਟਵੀਂ ਹਮਾਇਤ ਕਰ ਰਹੇ ਯੂਨੀਵਰਸਿਟੀ ਦੇ ਹੀ ਮੁਲਾਜ਼ਮ ਅਤੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਦੇ ਸੂਬਾਈ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਹੇਠਾਂ ਰਾਜਿਸਟਰਾਰ ਨਾਲ ਮੁਲਾਕਾਤ ਕਰਕੇ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਅੱਜ ਭਾਵੇਂ ਕਿ ਇੰਕਰੀਮੈਂਟ ਦੇ ਬਕਾਏ ਵਿਚੋਂ ਪੰਜ ਪੰਜ ਹਜ਼ਾਰ ਰੁਪਏ ਤਾਂ ਜਾਰੀ ਕਰ ਦਿੱਤੇ ਗਏ, ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਬਕਾਇਆਂ ਦੀ ਅਦਾਇਗੀ ਅਤੇ ਕੀਤੀਆਂ ਗਈਆਂ ਬਦਲੀਆਂ ਰੱਦ ਕਰਨ ਤੱਕ ਉਹ ਇਹ ਧਰਨਾ ਜਾਰੀ ਰੱਖਣਗੇ। ਅੱਜ ਦੇ ਧਰਨੇ ਦੌਰਾਨ ’ਚ ਡਾ. ਜਤਿੰਦਰ ਸਿੰਘ ਮੱਟੂ ਸਮੇਤ ਹਿਮਾਚਲ ਦੇ ਸਾਬਕਾ ਡੀਜੀਪੀ ਪ੍ਰਿ੍ਰਥੀਰਾਜ ਸਿੰਘ, ਉਨ੍ਹਾਂ ਦੀ ਪਤਨੀ ਅਤੇ ਰਜਿਤਾ ਰਾਓ, ਸੰਦੀਪ ਬਾਲੀ, ਕੁਲਵੰਤ ਸਿੰਘ ਸਰੋਏ ਸਮੇਤ ‘ਡੇਲੀਵੇਜ ਸਫਾਈ ਕਰਮਚਾਰੀ ਯੂਨੀਅਨ’ ਦੇ ਪ੍ਰਧਾਨ ਰਾਜੇਸ਼ ਗੱਗੂ, ਪਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਆਦਿ ਵੀ ਮੌਜੂਦ ਸਨ।
ਬੈਂਕ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਦੇ ਦੂਜੇ ਦਿਨ ਕਾਲੇ ਬਿੱਲੇ ਲਗਾ ਕੇ ਮੁਜ਼ਾਹਰਾ
ਘਨੌਰ (ਪੱਤਰ ਪ੍ਰੇਰਕ): ਦਿ ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਘਨੌਰ ਅਤੇ ਰਾਜਪੁਰਾ ਦੇ ਲੈਂਡ ਮਾਰਗੇਜ ਬੈਂਕ (ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ) ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਕਲਮਛੋੜ ਹੜਤਾਲ ਦੂਜੇ ਦਿਨ ਜਾਰੀ ਰਹੀ। ਬੈਂਕ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਬੈਂਕ ਦੇ ਗੇਟ ਮੂਹਰੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਕਲਮਛੋੜ ਹੜਤਾਲ ਕਾਰਨ ਘਨੌਰ ਅਤੇ ਰਾਜਪੁਰਾ ਸਮੇਤ ਜ਼ਿਲ੍ਹੇ ਦੀਆਂ ਸਮੂਹ ਲੈਂਡ ਮਾਰਗੇਜ ਬੈਂਕ ਬ੍ਰਾਂਚਾਂ (ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ) ਵਿੱਚ ਵਿੱਤੀ ਲੈਣ-ਦੇਣ ਨਹੀਂ ਹੋ ਸਕਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਸਮੇਤ ਹੋਰਨਾਂ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੈਂਕ ਦੀ ਐਡਵਾਂਸਮੈਂਟ ਜਾਰੀ ਕੀਤੀ ਜਾਵੇ, ਮੁਲਾਜ਼ਮਾਂ ਲਈ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਮੁਲਾਜ਼ਮਾਂ ਨੂੰ ਬਣਦੀਆਂ ਤਰੱਕੀਆਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਇਸ ਸੂਬਾ ਪੱਧਰੀ ਤਿੰਨ ਰੋਜ਼ਾ ਕਲਮਛੋੜ ਹੜਤਾਲ ਦੇ ਅੰਤਿਮ ਦਿਨ 7 ਅਕਤੂਬਰ ਨੂੰ ਬੈਂਕ ਦੇ ਜ਼ਿਲ੍ਹਾ ਦਫਤਰਾਂ ਮੂਹਰੇ ਰੋਸ ਧਰਨੇ ਦਿੱਤੇ ਜਾਣਗੇ।