ਸੁਭਾਸ਼ ਚੰਦਰ
ਸਮਾਣਾ, 6 ਜੂਨ
ਤਹਿਸੀਲ ਕੰਪਲੈਕਸ ਨੇੜੇ ਸਥਿਤ ਯੂਨੀਕ ਪਾਰਕ ’ਚ ਸੋਮਵਾਰ ਸ਼ਾਮ ਨੂੰ ਦਰਜ਼ਨ ਤੋਂ ਵੱਧ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਚਨਾ ਮਿਲਦਿਆਂ ਹੀ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਡੀ.ਐੱਸ.ਪੀ ਪ੍ਰਭਜੋਤ ਕੌਰ ਨੇ ਪੁਲੀਸ ਪਾਰਟੀ ਸਣੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਕੱਤਰ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਸਾਈਡ ’ਤੇ ਖੜ੍ਹਾ ਸੀ ਜਿਸ ਨੂੰ ਦਰਜ਼ਨ ਦੇ ਕਰੀਬ ਨੌਜਵਾਨਾਂ ਨੇ ਘੇਰ ਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਜਵਾਨ ਆਪਣੀ ਜਾਨ ਬਚਾਉਣ ਲਈ ਨਗਰ ਕੌਂਸਲ ਵੱਲ ਭੱਜ ਲਿਆ। ਉਕਤ ਨੌਜਵਾਨ ਜਦੋਂ ਉਸ ਨੂੰ ਘੇਰ ਕੇ ਕੁੱਟਦਿਆਂ ਆਪਣੀ ਕਾਰ ਵੱਲ ਲੈ ਕੇ ਆ ਰਹੇ ਸਨ ਤਾਂ ਪਾਰਕ ਵਿੱਚ ਹਾਜ਼ਰ ਲੋਕਾਂ ਨੇ ਨੌਜਵਾਨ ਨੂੰ ਉਨ੍ਹਾਂ ਦੇ ਘੇਰੇ ’ਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿੱਚੋਂ ਇਕ ਨੋਜਵਾਨ ਨੇ ਹਵਾਈ ਫਾਇਰ ਕਰ ਦਿੱਤਾ ਜਿਸ ਕਾਰਨ ਲੋਕਾਂ ’ਚ ਹਫੜਾ-ਦਫੜੀ ਮਚ ਗਈ ਤੇ ਉਹ ਨੌਜਵਾਨ ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਫਰਾਰ ਹੋ ਗਏ।
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਮੌਕੇ ਵਾਲੀ ਥਾਂ ’ਤੇ ਹੀ ਸ਼ਹਿਰ ਵਿੱਚ ਲੱਗਦੇ ਬੰਦਾ ਸਿੰਘ ਬਹਾਦਰ ਚੌਕ ਤੇ ਹੋਰ ਨਾਕਿਆਂ ਬਾਰੇ ਡੀਐੱਸਪੀ ਸਮਾਣਾ ਤੋਂ ਜਾਣਕਾਰੀ ਲਈ। ਇਸ ਮੌਕੇ ਡੀ.ਐੱਸ.ਪੀ. ਪ੍ਰਭਜੋਤ ਕੌਰ ਨੇ ਹਵਾਈ ਫਾਇਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੌਜਵਾਨਾਂ ’ਚ ਹੋਏ ਝਗੜੇ ਦੀ ਆਮ ਲੋਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਸੀਸੀਟੀਵੀ ਕੈਮਰਿਆ ਦੀ ਮਦਦ ਨਾਲ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।