ਜੈਸਮੀਨ ਭਾਰਦਵਾਜ
ਨਾਭਾ, 27 ਸਤੰਬਰ
ਸੰਯੁਕਤ ਮੋਰਚੇ ਦੇ ਬੰਦ ਦੇ ਸੱਦੇ ਮੁਤਾਬਕ ਅੱਜ ਜਿੱਥੇ ਨਾਭਾ ਵਿਚ ਵਪਾਰੀਆਂ ਨੇ ਮੁਕੰਮਲ ਬੰਦ ਰੱਖਿਆ, ਉਥੇ ਭਾਜਪਾ ਅਹੁਦੇਦਾਰਾਂ ਨੇ ਵੀ ਕੰਮ ਕਾਰ ਬੰਦ ਰੱਖਿਆ। ਪੰਜਾਬ ਸੂਬਾ ਭਾਜਪਾ ਦੇ ਕਾਰਜਕਾਰੀ ਮੈਂਬਰ ਤੋਂ ਲੈ ਕੇ ਸਾਬਕਾ ਮੰਡਲ ਪ੍ਰਧਾਨਾਂ ਦੀਆਂ ਦੁਕਾਨਾਂ ਦੇ ਸ਼ਟਰ ਬੰਦ ਰਹੇ। ਇਸ ਮੌਕੇ ਜਦੋਂ ਭਾਜਪਾ ਦੇ ਮੌਜੂਦਾ ਮੰਡਲ ਪ੍ਰਧਾਨ ਗੌਰਵ ਜਲੋਟਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਬੰਦ ਨੂੰ ਸਮਰਥਨ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਿਸ ਅਹੁਦੇਦਾਰ ਨੇ ਦੁਕਾਨਾਂ ਬੰਦ ਰੱਖੀਆਂ ਉਨ੍ਹਾਂ ਕੋਲੋਂ ਇਹ ਸਵਾਲ ਪੁੱਛਿਆ ਜਾਵੇ। ਪੰਜਾਬੀ ਆਪਟੀਕਲ ਦੇ ਮਾਲਕ ਵਿਨੋਦ ਕਾਲੜਾ, ਜੋ ਕਿ ਸੂਬਾ ਇਕਾਈ ਦੇ ਕਾਰਜਕਾਰੀ ਮੈਂਬਰ ਵੀ ਹਨ, ਉਨ੍ਹਾਂ ਨੇ ਆਪਣੀ ਦੋਵੇਂ ਸ਼ਾਖਾਵਾਂ ਬੰਦ ਰੱਖੀਆਂ। ਸੰਪਰਕ ਕਰਨ ‘ਤੇ ਉਨ੍ਹਾਂ ਨੇ ਗੱਲ ਨੂੰ ਹੱਸ ਕੇ ਟਾਲ ਦਿੱਤਾ ਅਤੇ ਕਿਹਾ ਕਿ ਉਹ ਚਾਰ ਵਜੇ ਸ਼ਾਮ ਨੂੰ ਦੁਕਾਨ ਖੋਲ੍ਹਣਗੇ। ਦੂਜੇ ਪਾਸੇ ਕਿਸਾਨ ਯੂਨੀਅਨ ਰਾਜੇਵਾਲ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋ ਨਾਭਾ ਦੇ ਰੋਹਟੀ ਪੁਲ ਉੱਪਰ ਲਗਾਏ ਜਾਮ ਵਿੱਚ ਨਾਭਾ ਦੇ ਵਪਾਰੀਆਂ ਦਾ ਬੰਦ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ।