ਸ਼ਾਹਬਾਜ਼ ਸਿੰਘ
ਘੱਗਾ, 3 ਜੁਲਾਈ
ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਲੈਣ ਦੀ ਕਾਰਵਾਈ ਦੇ ਨਾਂ ’ਤੇ ਪੰਚਾਇਤ ਮਹਿਕਮੇ ਵੱਲੋਂ ਭਾਵੇਂ ਕਿ ਐਨਾ ਖ਼ਰਚਾ ਕੀਤਾ ਜਾਂਦਾ ਹੈ ਪਰ ਅਮਲੀ ਤੌਰ ’ਤੇ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ। ਇਸ ਦੀ ਮਿਸਾਲ ਪਿੰਡ ਜਲਾਲਪੁਰ ਦੀ ਕਰੀਬ 48 ਏਕੜ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਨਾਕਾਮ ਹੋ ਰਹੇ ਪੰਚਾਇਤ ਮਹਿਕਮੇ ਤੋਂ ਮਿਲਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੂਰੇ ਲਾਮ-ਲਸ਼ਕਰ ਨਾਲ ਪੁੱਜਿਆ ਪੰਚਾਇਤ ਤੇ ਮਾਲ ਮਹਿਕਮਾ ਖਾਲੀ ਹੱਥ ਪਰਤ ਗਿਆ ਸੀ ਤੇ ਅੱਜ ਵੀ ਪੰਚਾਇਤ ਮਹਿਕਮੇ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਲੈਣ ਲਈ ਜੇਸੀਬੀ, ਫਾਇਰ ਬ੍ਰਿਗੇਡ ਤੇ ਮਹਿਕਮੇ ਦੇ ਬਹੁਤ ਸਾਰੇ ਕਰਮਚਾਰੀ ਸੱਦੇ ਗਏ ਜੋ ਮਹਿਜ਼ ਇਕ ਮਸ਼ਕ ਕਰ ਕੇ ਬਿਨਾਂ ਕਿਸੇ ਕਾਰਵਾਈ ਤੋਂ ਖਾਲੀ ਪਰਤ ਗਏ।
ਇਸ ਦੌਰਾਨ ਇਕੱਤਰ ਹੋਏ ਪਿੰਡ ਦੇ ਦਲਿਤ ਤੇ ਮਜ਼ਦੂਰ ਵਰਗ ਨੇ ਕਿਹਾ ਕਿ ਮਹਿਕਮਾ ਸਰਕਾਰੀ ਤੇਲ ਫੂਕ ਕੇ ਅਤੇ ਫਾਲਤੂ ਖਰਚ ਭਰ ਕੇ ਸਿਰਫ ਆਪਣੀਆਂ ਜੇਬਾਂ ਭਰ ਰਿਹਾ ਹੈ। ਪਿੰਡ ਦੇ ਪੰਚ ਮੱਘਰ ਸਿੰਘ ਨੇ ਕਿਹਾ ਕਿ ਪਿੰਡ ਦੀ 540 ਏਕੜ ਪੰਚਾਇਤੀ ਜ਼ਮੀਨ ਜਿਸ ਵਿੱਚ 25 ਕਿੱਲੇ ਗਊ ਚਰਾਂਦ ਤੋਂ ਇਲਾਵਾ ਸੱਤ ਕਿੱਲੇ ਸੱਥਾਂ ਵੀ ਸ਼ਾਮਲ ਹਨ, ’ਤੇ ਬਾਹਰਲੇ ਪਿੰਡਾਂ ਦੇ ਕੁਝ ਲੋਕ ਨਾਜਾਇਜ਼ ਤੌਰ ’ਤੇ ਕਾਬਜ਼ ਹਨ ਜਦੋਂਕਿ ਪਿੰਡ ਦਾ ਗਰੀਬ, ਮਜ਼ਦੂਰ ਤੇ ਨਿਮਨ ਕਿਸਾਨ ਦਿਹਾੜੀਆਂ ਕਰ ਰਿਹਾ ਹੈ ਅਤੇ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ। ਇਸ ਮੌਕੇ ਚੰਦ ਸਿੰਘ, ਜਸਵਿੰਦਰ ਤੇ ਗੋਲੂ ਆਦਿ ਕਿਰਤੀਆਂ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਹਟਾ ਕੇ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ।
ਉੱਧਰ, ਮੌਕੇ ’ਤੇ ਹਾਜ਼ਰ ਪੰਚਾਇਤ ਅਫ਼ਸਰ ਪਾਤੜਾਂ ਸ਼ਮਸ਼ੇਰ ਸਿੰਘ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਜਦੋਂਕਿ ਬੀਡੀਪੀਓ ਪਾਤੜਾਂ ਨਾਲ ਫੋਨ ’ਤੇ ਸੰਪਰਕ ਨਹੀਂ ਹੋ ਸਕਿਆ।