ਪੱਤਰ ਪ੍ਰੇਰਕ
ਪਟਿਆਲਾ, 18 ਜੁਲਾਈ
ਪ੍ਰਸਿੱਧ ਰੰਗਮੰਚ ਕਲਾਕਾਰ ਤੇ ਨਾਟਕਕਾਰ ਜੋਗਾ ਸਿੰਘ ਖੀਵਾ ਦੀ ਨਿਰਦੇਸ਼ਨਾ ਹੇਠ ਸੁਖ਼ਨਵਰ ਰੰਗਮੰਚ ਪਟਿਆਲਾ ਵੱਲੋਂ ਸਾਹਿਬ ਸਿੰਘ ਦੇ ਲਿਖੇ ਨਾਟਕ ‘ਪਰਿੰਦੇ ਹੁਣ ਜਾਣ ਕਿੱਥੇ’ ਦਾ ਮੰਚਨ ਕਾਲੀਦਾਸਾ ਆਡੀਟੋਰੀਅਮ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵਿਰਸਾ ਵਿਹਾਰ ਪਟਿਆਲਾ ਵਿੱਚ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਭਗਵਾਨ ਦਾਸ ਗੁਪਤਾ ਤੇ ਉਨ੍ਹਾਂ ਦੀ ਪਤਨੀ ਪ੍ਰੇਮ ਲਤਾ ਗੁਪਤਾ ਸਨ।
ਇਸ ਨਾਟਕ ਲਈ ਪਿੱਠ ਵਰਤੀ ਸੰਗੀਤ ਕਮਲਜੀਤ ਸਿੰਘ ਟਿੰਮੀ ਨੇ ਦਿੱਤਾ। ਸਟੇਜ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬੌਬੀ ਵਾਲੀਆ ਨੇ ਸਜਾਇਆ ਸੀ। ਮੁੱਖ ਕਿਰਦਾਰ ਕੇਹਰ ਸਿੰਘ ਸੀ ਜਿਸ ਨੂੰ ਕਲਾਕਾਰ ਤਰਸ਼ਿੰਦਰ ਸੋਨੀ ਨੇ ਨਿਭਾਇਆ। ਇਨਾਇਤੀ ਉਰਫ਼ ਬੰਸੋਂ ਦਾ ਕਿਰਦਾਰ ਜਾਹਨਵੀ ਨੇ ਨਿਭਾ ਕੇ ਖ਼ੂਬ ਵਾਹ ਵਾਹ ਖੱਟੀ। ਸਰਪੰਚ ਤਾਏ ਦੇ ਕਿਰਦਾਰ ਵਿੱਚ ਜਸਵਿੰਦਰ ਜੱਸੀ, ਮਲੂਕ ਸਿੰਘ ਦੇ ਕਿਰਦਾਰ ਵਿੱਚ ਹਰੀਸ਼ ਖੁਰਾਨਾ ਤੇ ਜੀਤੇ ਦੇ ਕਿਰਦਾਰ ਨੂੰ ਨਿਰਦੇਸ਼ਕ ਜੋਗਾ ਸਿੰਘ ਖੀਵਾ ਨੇ ਨਿਭਾਇਆ। ਨੌਜਵਾਨ ਕਲਾਕਾਰ ਸਾਗਰ ਨੇ ਤਰਖਾਣ ਦੇ, ਅਸ਼ੀਸ਼ ਨੇ ਹਿੰਦੁਸਤਾਨੀ ਥਾਣੇਦਾਰ ਦੇ, ਯੁਵਰਾਜ ਨੇ ਪਾਕਿਸਤਾਨੀ ਥਾਣੇਦਾਰ ਦੇ, ਮਨੀ ਨੇ ਚੌਧਰੀ ਤੇ ਦੀਪੇ ਦੇ ਕਿਰਦਾਰ ਨੂੰ ਅਭਿਜੀਤ ਨੇ ਨਿਭਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਨਾਟਕ ਵੇਖਣ ਪੁੱਜੇ ਦਰਸ਼ਕ ਕਲਾਕਾਰਾਂ ਦੀ ਅਦਾਕਾਰੀ ਵੇਖ ਕੇ ਖ਼ੁਦ ਨੂੰ ਤਾੜੀਆਂ ਵਜਾਉਣ ਤੋਂ ਰੋਕ ਨਾ ਸਕੇ।
ਇਸ ਮੌਕੇ ਸਾਬਕਾ ਲੈਫ਼ਟੀਨੈਂਟ ਕਰਨਲ ਜਰਨੈਲ ਸਿੰਘ ਥਿੰਦ, ਸਾਬਕਾ ਜਨਰਲ ਮੈਨੇਜਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਆਰਐੱਸ ਔਲਖ ਅਤੇ ਡਾਇਰੈਕਟਰ ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ਪਟਿਆਲਾ ਪ੍ਰਾਣ ਸਭਰਵਾਲ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਪੁੱਜੇ।