ਸ਼ਾਹਬਾਜ਼ ਸਿੰਘ
ਘੱਗਾ,1 ਸਤੰਬਰ
ਹਲਕਾ ਸ਼ੁਤਰਾਣਾ ਦੇ ਲਟਕੇ ਹੋਏ ਵਿਕਾਸ ਕਾਰਜਾਂ ਵਿੱਚ ਘੱਗਾ ਕਲਵਾਣੂ ਦੇ ਪਿਛਲੇ ਲੰਮੇ ਸਮੇਂ ਤੋਂ ਕਰੀਬ ਪੰਜ ਕਰੋੜ ਦੀ ਲਾਗਤ ਵਾਲੇ ਭਾਖੜਾ ਪੁਲ ਦੇ ਤਿਆਰ ਕੀਤੇ ਗਏ ਸਟੀਲ ਢਾਂਚੇ ਨੂੰ ਜੰਗਾਲ ਨੇ ਖਾ ਲਿਆ ਹੈ ਪਰ ਪੁਲ ਨਹੀਂ ਬਣ ਸਕਿਆ ਹੈ। ਬੇਸ਼ਕ ਜੰਗਾਲੇ ਹੋਏ ਗਾਡਰਾਂ ਨੂੰ ਹੁਣ ਪੇਂਟ ਕੀਤਾ ਜਾ ਰਿਹਾ ਹੈ, ਪਰ ਢਾਂਚੇ ਦੀ ਸਥਾਪਨਾ ਲਈ ਬਣਾਈਆਂ ਬੁਰਜੀਆਂ ਦੇ ਸਰੀਏ ਵੀ ਜੰਗਾਲ ਨਾਲ ਗਲ਼ ਚੁੱਕੇ ਹਨ। ਇਸ ਸਬੰਧੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਜੰਗਾਲੇ ਹੋਏ ਲੋਹੇ ਨਾਲ ਪੁਲ ਦੀ ਮਜ਼ਬੂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਾਣਕਾਰੀ ਮੁਤਾਬਕ ਪੁਲ ਦੇ ਇਸ ਕਰੀਬ ਡੇਢ ਸੈਂਕੜੇ ਟਨ ਸਟੀਲ ਢਾਂਚੇ ਨੂੰ ਟਿਕਾਉਣ ਲਈ ਲਾਏ ਗਏ ਦਰਜਨ ਦੇ ਕਰੀਬ ਜੈੱਕ ਕਈ ਮਹੀਨੇ ਪਹਿਲਾਂ ਚੋਰੀ ਹੋ ਗਏ ਸਨ ਤੇ ਹੁਣ ਇਹ ਢਾਂਚਾ ਕੇਵਲ ਲੱਕੜ ਦੇ ਗੁਟਕਿਆਂ ਉਤੇ ਟਿਕਿਆ ਹੋਇਆ ਹੈ ਜਦਕਿ ਜੈੱਕਾਂ ਵਾਲੀ ਥਾਂ ਖਾਲੀ ਪਈ ਹੈ ਤੇ ਹੋਰ ਜੈੱਕ ਲਿਆ ਕੇ ਨਹੀਂ ਲਾਏ ਗਏ। ਇਲਾਕੇ ਦੇ ਲੋਕਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਲਕੱੜ ਦੇ ਗੁਟਕੇ ਸਿਉਂਕ ਨਾਲ ਕਦੇ ਵੀ ਕਮਜ਼ੋਰ ਪੈ ਸਕਦੇ ਹਨ ਤੇ ਇਸ ਸਟੀਲ ਢਾਂਚੇ ਦੇ ਕਿਸੇ ਵੇਲੇ ਵੀ ਹੇਠਾਂ ਡਿੱਗਣ ਕਾਰਨ ਲੋਕਾਂ ਦੀ ਜਾਨ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ ਕਿਉਂਕਿ ਇਸ ਥਾਂ ਤੋਂ ਹਰਿਆਣਾ ਪੰਜਾਬ ਦੇ ਦਰਜਨਾਂ ਪਿੰਡਾਂ ਦੀ ਆਵਾਜਾਈ ਰਹਿੰਦੀ ਹੈ।
ਲੋਕਾਂ ਨੇ ਦੱਸਿਆ ਬਾਰਸ਼ ਨਾਲ ਸਟੀਲ ਢਾਂਚੇ ਹੇਠਲੀ ਮਿੱਟੀ ਖੁਰ ਸਕਦੀ ਹੈ ਅਤੇ ਢਾਂਚਾ ਖਿਸਕ ਸਕਦਾ ਹੈ। ਇਸੇ ਦੌਰਾਨ ਮਹਿਕਮੇ ਦੇ ਅਧਿਕਾਰੀ ਇਸ ਸਬੰਧੀ ਕੋਈ ਗੱਲ ਨਹੀਂ ਕਰ ਰਹੇ, ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਕਰੋਨਾ ਦੀ ਆੜ ਵਿਚ ਮਹਿਕਮਾ ਹੋਰ ਇਵਜਾਨੇ ਦੀ ਆਸ ਵਿੱਚ ਲੱਗਿਆ ਹੋਇਆ ਹੈ ਜਿਸ ਕਾਰਨ ਪੁਲ ਦਾ ਕੰਮ ਲਟਕਿਆ ਪਿਆ ਹੈ।