ਖੇਤਰੀ ਪ੍ਰਤੀਨਿਧ
ਪਟਿਆਲਾ, 8 ਨਵੰਬਰ
ਨੌਕਰੀ ਦੀ ਮੰਗ ਨੂੰ ਲੈ ਕੇ ਇੱਥੇ ਪਾਵਰਕੌਮ ਦਫ਼ਤਰ ਮੂਹਰੇ ਧਰਨਾ ਮਾਰਨ ਵਾਲੇ ਬੇਰੁਜ਼ਗਾਰ ਲਾਈਨਮੈਨ ਬਹੁਤ ਜਲਦੀ ਸਰਕਾਰੀ ਲਾਈਨਮੈਨ ਬਣਨ ਜਾ ਰਹੇ ਹਨ। ਇਸੇ ਹੀ ਆਸ ਅਤੇ ਮੈਨੇਜਮੈਂਟ ਦੇ ਭਰੋਸੇ ਮਗਰੋਂ ਉਹ ਆਪਣਾ ਬੋਰੀ ਬਿਸਤਰਾ ਲਪੇਟ ਕੇ ਚਾਈਂ-ਚਾਈਂ ਘਰਾਂ ਨੂੰ ਪਰਤ ਗਏ ਹਨ। ਭਾਵੇਂ ਅਜਿਹੇ ਭਰੋਸੇ ਉਨ੍ਹਾਂ ਨੂੰ ਪਹਿਲਾਂ ਵੀ ਮਿਲਦੇ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਐਤਕੀਂ ਆਖੇ ਇਹ ਦੋ ਟੁੱਕ ਸ਼ਬਦ ਕਿ ‘ਜ਼ਿਮਨੀ ਚੋਣਾਂ ਮਗਰੋਂ ਆ ਕੇ ਨਿਯੁਕਤੀ ਪੱਤਰ ਲੈ ਜਾਇਓ’ ਉਨ੍ਹਾਂ ਨੂੰ ਸੱਚ ਹੁੰਦੇ ਜਾਪ ਰਹੇ ਹਨ। ਪ੍ਰਾਪਤ ਜਾਣਾਕਾਰੀ ਅਨੁਾਸਰ ਅਪ੍ਰੈਂਟਿਸਸ਼ਿਪ ਕੀਤੀ ਹੋਣ ਕਰਕੇ ਪੰਜਾਬ ਭਰ ਵਿਚਲੇ ਦੋ ਹਜ਼ਾਰ ਤੋਂ ਵੱਧ ਨੌਜਵਾਨ ਬਿਜਲੀ ਮਹਿਕਮੇ ’ਚ ਲਾਈਨਮੈਨ ਵਜੋਂ ਨੌਕਰੀ ਦੇ ਹੱਕਦਾਰ ਹੋਣ ਦੇ ਹਵਾਲੇ ਨਾਲ ਨੌਕਰੀ ਦੀ ਮੰਗ ਕਰਦੇ ਆ ਰਹੇ ਹਨ। ਇਸੇ ਕੜੀ ਵਜੋਂ ਉਨ੍ਹਾਂ ਨੇ ਪਿਛਲੇ ਦਿਨੀਂ ਵੀ ‘ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਸੰਘਰਸ਼ ਕਮੇਟੀ ਪੰਜਾਬ’ ਦੀ ਅਗਵਾਈ ਹੇਠਾਂ ਇਥੇ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਪੱਕਾ ਮੋਰਚਾ ਲਾ ਦਿੱਤਾ ਸੀ। ਜਿਸ ਤਹਿਤ ਪਾਵਰਕੌਮ ਦਫਤਰ ਦੇ ਸਾਹਮਣੇ ਗੱਡੇ ਤੰਬੂ ’ਚ ਹੀ ਉਹ ਦਿਨ ਤੇ ਰਾਤਾਂ ਗੁਜ਼ਾਰਨ ਲੱਗੇ। ਐਤਕੀਂ ਪਹਿਲੇ ਦਿਨ ਤੋਂ ਹੀ ਅਧਿਕਾਰੀ ਉਨ੍ਹਾਂ ਨੂੰ ਧਰਨਾ ਨਾ ਲਾਉਣ ਲਈ ਪ੍ਰੇਰਦੇ ਰਹੇ ਹਨ। ਪਹਿਲੀ ਮੀਟਿੰਗ ਭਾਵੇਂ ਬੇਸਿੱਟਾ ਰਹੀ ਕਿਉਂਕਿ ਉਹ ਨਿਯੁਕਤੀ ਪੱਤਰ ਤੋਂ ਬਿਨਾਂ ਵਾਪਸ ਨਾ ਪਰਤਣ ਲਈ ਬਜਿੱਦ ਸਨ। ਜ਼ਿਮਨੀ ਚੋਣਾ ਕਰਕੇ ਭਾਵੇਂ ਅਧਿਕਾਰੀ ਮੀਡੀਆ ਕੋਲ ਤਾਂ ਅਧਿਕਾਰਤ ਤੌਰ ’ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ ਪਰ ਯੂਨੀਅਨ ਦੇ ਸੂਬਾਈ ਆਗੂ ਕੰਵਰਦੀਪ ਸਿੰਘ ਸਮਾਣਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਤੋਂ ਮਗਰੋਂ ਆ ਕੇ ਨਿਯੁਕਤੀ ਪੱਤਰ ਲੈ ਜਾਣ ਦਾ ਭਰੋਸਾ ਦਿਤਾ ਹੈ। ਇਸ ਕਰਕੇ ਹੀ ਉਨ੍ਹਾਂ ਨੇ ਧਰਨਾ ਸਮਾਪਤ ਕੀਤਾ ਹੈ।