ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੁਲਾਈ
ਗੈਸਟ ਫੈਕਲਟੀ ਕਾਂਸਟੀਚੁਐਂਟ ਕਾਲਜਿਜ਼ /ਨੇਬਰਹੁੱਡ ਕੈਂਪਸ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 23ਵੇਂ ਦਿਨ ਵੀ ਜਾਰੀ ਰਿਹਾ ਜਦਕਿ ਭੁੱਖ ਹੜਤਾਲ ਪੰਦਰਵੇਂ ਦਿਨ ’ਚ ਪੁੱਜ ਗਈ ਹੈ।
ਅੱਜ ਪ੍ਰੋ. ਨਵਜੀਤ ਸਿੰਘ (ਯੂਨੀਵਰਸਿਟੀ ਕਾਲਜ ਜੈਤੋ) ਤੇ ਡਾ. ਰਵੀਦਿੱਤ ਸਿੰਘ (ਯੂਨੀਵਰਸਿਟੀ ਕਾਲਜ ਚੂਨੀ ਕਲਾਂ) ਵੱਲੋਂ ਭੁੱਖ ਹੜਤਾਲ ਰੱਖੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ 12 ਮਹੀਨੇ ਕੰਮ ਲਿਆ ਜਾਂਦਾ ਹੈ, ਪਰ ਤਨਖਾਹ 8 ਮਹੀਨੇ ਦੀ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਜਿਥੇ ਹੋਰਨਾ ਵਰਗਾਂ ਦੀ ਤਰ੍ਹਾਂ 12 ਮਹੀਨੇ ਦੀ ਤਨਖਾਹ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ, ਉੱਥੇ ਹੀ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਵੀ ਮੰਗ ਕੀਤੀ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੜਾਈ ਤਨਖਾਹ ਦੇ ਨਾਲ-ਨਾਲ ਮਾਣ ਸਨਮਾਨ ਦੀ ਵੀ ਹੈ ਕਿਉੰਕਿ ਕਾਲਜਾਂ ਵਿੱਚ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਦਾ ਹੈ। ਉਨ੍ਹਾਂ ਦੀ ਮੰਗ ਸਰਕਾਰੀ ਕਾਲਜਾਂ ਦੀ ਤਰਜ਼ ਉੱਪਰ ਬਾਰ੍ਹਾਂ ਮਹੀਨੇ ਤਨਖਾਹ ਦੇਣ ਦੀ ਹੈ। ਨਾਲ ਹੀ ਸੇਵਾਵਾਂ ਵੀ ਰੈਗੂਲਰ ਕੀਤੀਆਂ ਜਾਣੀਆਂ ਚਾਹੀਦੀ ਹੈ। ਇਹ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਜਾਰੀ ਰੱਖਣ ਦਾ ਐਲਾਨ ਮੁੜ ਦੁਹਰਾਇਆ ਗਿਆ। ਇਸ ਮੌਕੇ ਪ੍ਰੋ. ਜਗਸੀਰ ਸਿੰਘ ਸਿੰਘ, ਪ੍ਰੋ. ਹਰਮੀਤ ਕੌਰ ਤੇ ਪ੍ਰੋ. ਹਰਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।