ਰਵੇਲ ਸਿੰਘ ਭਿੰਡਰ
ਪਟਿਆਲਾ, 10 ਸਤੰਬਰ
ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਤੇ ਮੁਲਾਜ਼ਮਾਂ ਦਾ ਸੰਘਰਸ਼ ਆਏ ਦਿਨ ਮੁੜ ਤੇਜ਼ੀ ਫੜਨ ਲੱਗਾ ਹੈ। ਜਿਥੇ ਹਾਲੇ ਪਹਿਲੀਆਂ ਮੰਗਾਂ ’ਤੇ ਕਿਸੇ ਪੱਖੋਂ ਗੌਰ ਨਹੀਂ ਹੋਈ ਉਥੇ ਹੁਣ ਪਿਛਲੇ ਮਹੀਨੇ ਦੀ ਤਨਖਾਹ ਹਾਲੇ ਤਾਈਂ ਜਾਰੀ ਨਾ ਹੋਣ ਦੀ ਵਜ਼ਾ ਯੂਨੀਵਰਸਿਟੀ ਦੇ ਸਮੁੱਚੇ ਮੁਲਾਜ਼ਮ ਤਬਕੇ ’ਚ ਰੋਸ ਦੀ ਲਹਿਰ ਹੋਰ ਪ੍ਰਚੰਡ ਹੋਣ ਲੱਗੀ ਹੈ। ਅਜਿਹੇ ’ਚ ਅੱਜ ਵਾਈਸ ਚਾਂਸਲਰ ਦੇ ਘਰ ਤੇ ਦਫ਼ਤਰ ਅੱਗੇ ਸੰਘਰਸ਼ੀ ਧਿਰਾਂ ਨੇ ਦਰ ਮੱਲੀ ਰੱਖੇ ਅਤੇ ਸ਼ਿਕਵੇ ਸ਼ਿਕਾਇਤਾਂ ਦੇ ਅੰਬਾਰ ਲਾਉਂਦਿਆਂ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਪੂਰੀ ਭੜਾਸ ਕੱਢੀ।ਰੋਸ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ‘ਪੂਟਾ’ ਵੱਲੋਂ ਵਾਈਸ ਚਾਂਸਲਰ ਦੇ ਕੈਂਸਪ ਸਥਿਤ ਘਰ ਅੱਗੇ ਰੋਹ ਭਰਿਆ ਧਰਨਾ ਦਿੱਤਾਅ ਗਿਆ। ਦੋ ਘੰਟੇ ਦੇ ਇਸ ਧਰਨੇ ਦੌਰਾਨ ਅਧਿਆਪਕਾਂ ਨੇ ਮੰਗਾਂ ਦੇ ਹੱਕ ’ਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪੂਟਾ ਆਗੂਆਂ ਨੇ ਡਾਢੇ ਗਿਲੇ ’ਚ ਆਖਿਆ ਕਿ ਲੰਘੇ ਚਿਰ ਤੋਂ ਛਿੜੇ ਸੰਘਰਸ਼ ਦੇ ਲਿਹਾਜ਼ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੇ ਹਾਲੇ ਕੋਈ ਮੰਗ ਸਲੀਕੇ ਨਾਲ ਸਿਰੇ ਨਹੀਂ ਲਗਾਈ, ਜਿਸ ਨਾਲ ਕੈਂਪਸ ’ਚ ਰੋਸ ਦੀ ਲਹਿਰ ਮੁੜ ਪ੍ਰਚੰਡ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਮਹੀਨੇ ਦੀ ਤਨਖਾਹ ਵੀ ਹਾਲੇ ਜਾਰੀ ਨਹੀਂ ਕੀਤੀ ਗਈ।
ਉਧਰ, ਅਧਿਆਪਕਾਂ, ਕਰਮਚਾਰੀਆਂ ਤੇ ਪੈਨਸ਼ਨਰਜ਼ ’ਤੇ ਆਧਾਰਤ ਗਠਿਤ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ 38ਵੇਂ ਦਿਨ ਵੀ ਵੀਸੀ ਦਫ਼ਤਰ ਅੱਗੇ ਸੰਘਰਸ਼ ਮਘਾਈ ਰੱਖਿਆ। ਯੂਨੀਵਰਸਿਟੀ ’ਚ ਅਧਿਆਪਨ, ਗੈਰ ਅਧਿਆਪਨ ਤੇ ਪੈਨਸ਼ਨਰਾਂ ਦੇ ਹੋਰ ਜਿਥੇ ਵਿੱਤੀ ਲਾਭ ਨਹੀਂ ਮਿਲ ਰਹੇ, ਉਥੇ ਹੀ ਮੁਲਾਜ਼ਮਾਂ ਦਾ ਜੀਪੀਐੱਫ ਪਿਛਲੇ ਚਾਰ ਮਹੀਨਿਆਂ ਤੋਂ ਮੁਲਾਜ਼ਮਾਂ ਦੇ ਖਾਤਿਆਂ ’ਚ ਨਹੀਂ ਪਿਆ। ਮੁਲਾਜ਼ਮਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਵਾਈਸ-ਚਾਂਸਲਰ ਪਿਛਲੇ ਕਈ ਮਹੀਨਿਆਂ ਤੋਂ ਦਫ਼ਤਰ ਨਹੀਂ ਆ ਰਹੇ ਤੇ ਯੂਨੀਵਰਸਿਟੀ ਮੁਲਾਜ਼ਮਾਂ ਦੀਆਂ ਪਿਛਲੇ ਚਾਰ ਮਹੀਨਿਆਂ ਦੀਆਂ ਫਾਈਲਾਂ ਨਹੀਂ ਨਿਕਲ ਰਹੀਆਂ ਤੇ ਮੁਲਾਜ਼ਮਾਂ ਨੂੰ ਰੁਲਣਾ ਪੈ ਰਿਹਾ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਵੀਸੀ ਨੂੰ ਨੈਤਿਕਤਾ ਦੇ ਆਧਾਰ ’ਤੇ ਇਨਾਂ ਮਹੀਨਿਆਂ, ਜੋ ਉਹ ਦਫ਼ਤਰ ’ਚ ਹਾਜ਼ਰ ਨਹੀਂ ਹੋਏ, ਦੀ ਤਨਖਾਹ ਨਹੀਂ ਲੈਣੀ ਚਾਹੀਦੀ। ਜੁਆਇੰਟ ਐਕਸ਼ਨ ਕਮੇਟੀ ਨੇ ਇਨ੍ਹਾਂ ਸਾਰੇ ਮੁੱਦਿਆਂ ਦੇ ਹੱਲ ਲਈ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਤੱਕ ਸਰਕਾਰ ਨੂੰ ਵਿੱਤੀ ਗ੍ਰਾਂਟ ਮੁਹੱਈਆਂ ਕਰਵਾ ਦੇਣੀ ਚਾਹੀਦੀ ਸੀ। ਸੰਘਰਸ਼ੀ ਧਿਰ ਨੇ ਅਗਲੇ ਹਫਤੇ ਤੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲੈਂਦਿਆਂ ਕੈਂਪਸ ’ਚ ਰੋਸ ਮਾਰਚ ਕੱਢਣ ਦਾ ਵੀ ਫ਼ੈਸਲਾ ਲਿਆ।