ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 30 ਜੁਲਾਈ
ਵਿਧਾਨ ਸਭਾ ਹਲਕਾ ਸਨੌਰ ਵਿੱਚੋਂ ਲੰਘਦੀ ਮਾਰਕੰਡਾ ਨਦੀ ਤਿੰਨ ਦਿਨ ਖ਼ਤਰੇ ਦੇ ਨਿਸ਼ਾਨ (20 ਫੁੱਟ) ਤੋਂ ਵੀ ਉੱਪਰ ਵਗਦੀ ਰਹੀ, ਪਰ ਸ਼ਨਿੱਚਰਵਾਰ ਦੇਰ ਸ਼ਾਮ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਘਟਿਆ ਸੀ। ਇੱਥੇ ਹੁਣ ਤਕਰੀਬਨ 19 ਫੁੱਟ ’ਤੇ ਪਾਣੀ ਵਹਿ ਰਿਹਾ ਹੈ। ਉਧਰ, ਸਨੌਰ ਹਲਕੇ ਵਿਚੋਂ ਹੀ ਲੰਘਦੀ ਟਾਂਗਰੀ ਨਦੀ ਅੱਜ ਚੌਥੇ ਦਿਨ ਵੀ ਖ਼ਤਰੇ ਦੇ ਨਿਸ਼ਾਨ (12 ਫੁੱਟ) ’ਤੇ ਹੀ ਵਹਿ ਰਹੀ ਸੀ। ਇਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਟਾਂਗਰੀ ਤੇ ਮਾਰਕੰਡਾ ਨਦੀਆਂ ’ਚ ਮੁੜ ਵਧੇ ਪਾਣੀ ਕਾਰਨ ਕਈ ਕਿਸਾਨਾਂ ਦੀ ਦੂਜੀ ਵਾਰ ਲਾਈ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਇਸ ਕਾਰਨ ਹੁਣ ਉਹ ਤੀਜੀ ਵਾਰ ਝੋਨਾ ਲਾਉਣ ਦੀ ਤਿਆਰੀ ’ਚ ਹਨ।
ਇਸੇ ਦੌਰਾਨ ਡੀਸੀ ਸ਼ਾਕਸੀ ਸਾਹਨੀ ਨੇ ਦੱਸਿਆ ਕਿ ਅੱਜ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਮਾਰਗ ਦਾ ਕੁਝ ਹਿੱਸਾ ਪੂਰ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਟਾਂਗਰੀ ਨਦੀ ਵਿੱਚ ਵੀ ਪਏ ਹੋਏ ਪਾੜਾਂ ਵਿੱਚ ਇੱਕ ਨੂੰ ਅੱਜ ਪੂਰ ਦਿੱਤਾ ਗਿਆ ਹੈ। ਇਨ੍ਹਾਂ ਕਾਰਜਾਂ ਵਿੱਚ ਵਿਧਾਇਕ ਪਠਾਣਮਾਜਰਾ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਟੀਮ ਨੇ ਪ੍ਰਸ਼ਾਸਨ ਦਾ ਡਟ ਕੇ ਸਾਥ ਦਿੱਤਾ ਹੈ। ਇਸ ਦੌਰਾਨ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਵੱਲੋਂ ਜੇਸੀਬੀ ਅਤੇ ਟਿੱਪਰਾਂ ਆਦਿ ਦੀ ਮਦਦ ਵੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਜਦੋਂ ਟਾਂਗਰੀ ਨਦੀ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਉੱਤੇ ਵਹਿੰਦਾ ਰਿਹਾ, ਤਾਂ ਟਾਂਗਰੀ ’ਚ ਪੰਜਾਬ ਦੇ ਪਿੰਡ ਦੂਧਨਗੁੱਜਰਾਂ ਸਣੇ ਹਰਿਆਣਾ ਦੇ ਪਿੰਡ ਗੋਰਸ਼ੀਆਂ ਤੇ ਭੂਨੀ ਵਿੱਚ ਵੱਡੇ ਵੱਡੇ ਪਾੜ ਪੈ ਗਏ ਸਨ। ਇਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਸੀ। ਫਿਰ ਜਦੋਂ ਪਾਣੀ ਉੱਤਰ ਗਿਆ ਤਾਂ ਅਜੇ ਇਹ ਪਾੜ ਪੂਰਨ ਦੀ ਕਾਰਵਾਈ ਹੀ ਚੱਲ ਰਹੀ ਸੀ ਕਿ ਮੁੜ ਪਾਣੀ ਵਧ ਗਿਆ। ਇਸ ਕਰ ਕੇ ਦੂਧਨਗੁੱਜਰਾਂ ਨੇੜੇ ਪਏ ਦੋ ਪਾੜਾਂ ਵਿੱਚੋਂ ਬਾਹਰ ਆ ਕੇ ਪਾਣੀ ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡਾਂ ਦੂਧਨਗੁਜਰਾਂ, ਰੌਹੜ ਜਗੀਰ ਤੇ ਹਰੀਗੜ੍ਹ ਸਣੇ ਕਈ ਹੋਰ ਪਿੰਡਾਂ ਦੇ ਖੇਤਾਂ ’ਚ ਪਾਣੀ ਭਰ ਗਿਆ। ਇਸ ਕਾਰਨ ਦੁਬਾਰਾ ਲਾਏ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਕਈ ਕਿਸਾਨਾਂ ਦੀ ਤਾਂ ਦੂਰ-ਦੁਰਾਡੇ ਤੋਂ ਲਿਆ ਕੇ ਰੱਖੀ ਪਨੀਰੀ ਵੀ ਇਸ ਦੂਜੀ ਵਾਰ ਦੇ ਪਾਣੀ ’ਚ ਰੁੜ੍ਹ ਗਈ ਹੈ।
ਕਿਸਾਨ ਅਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਲਾਲਜੀਤ ਸਿੰਘ ਲਾਲੀ ਸਾਬਕਾ ਸਰਪੰਚ ਤੇ ਕਿਸਾਨ ਸੁਰਿੰਦਰ ਸਿੰਘ ਚੌਹਟ ਆਦਿ ਨੇ ਕਿਹਾ ਕਿ ਹਰਿਆਣਾ ਦੇ ਗੋਰਸ਼ੀਆਂ ਪਿੰਡ ਕੋਲ਼ ਟਾਂਗਰੀ ਨਦੀ ਵਿੱਚ ਪਿਆ ਪਾੜ ਵੀ ਪੂਰਿਆ ਨਾ ਜਾਣ ਕਰ ਕੇ ਈਸਰਹੇੜੀ, ਕਛਵੀ, ਮਗਰ ਸਾਹਿਬ ਤੇ ਟਾਂਡਾ ਸਣੇ ਕਈ ਹੋਰ ਪਿੰਡਾਂ ’ਚ ਮੁੜ ਤੋਂ ਫ਼ਸਲ ਖ਼ਰਾਬ ਹੋ ਗਈ ਹੈ।
ਡੀਸੀ ਤੇ ਵਿਧਾਇਕ ਵੱਲੋਂ ਰਾਹਤ ਕਾਰਜਾਂ ਦਾ ਜਾਇਜ਼ਾ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਭਰਵੇਂ ਮੀਂਹ ਅਤੇ ਹੜ੍ਹ ਕਾਰਨ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਮਾਰਗ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਇਸ ਸੜਕ ’ਤੇ ਆਵਾਜਾਈ ਬੰਦ ਹੋ ਗਈ ਸੀ। ਦੂਜੇ ਪਾਸੇ, ਟਾਂਗਰੀ ਨਦੀ ਵਿੱਚ ਵੀ ਚਾਰ ਪਾੜ ਪੈ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਨੂੰ ਪੂਰ ਦਿੱਤਾ ਗਿਆ ਹੈ ਅਤੇ ਇੱਕ ਪਾੜ੍ਹ ’ਤੇ ਅੱਜ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਟੁੱਟੀ ਸੜਕ ਅਤੇ ਟਾਂਗਰੀ ਵਿੱਚ ਪਏ ਪਾੜ ਨੂੰ ਦੇਖਣ ਆਏ। ਉਨ੍ਹਾਂ ਕਿਹਾ ਕਿ ਸੁੱਕੀ ਮਿੱਟੀ ਨਾ ਮਿਲਣ ਕਰ ਕੇ ਸੜਕ ਦੀ ਮੁਰੰਮਤ ਵਿੱਚ ਦੇਰੀ ਹੋਈ ਹੈ, ਅੱਜ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਕੰਮ ਨੂੰ ਆਪਣੇ ਹੱਥ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਪਟਿਆਲਾ-ਪਹੇਵਾ ਮਾਰਗ ਦਾ ਇੱਕ ਪਾਸਾ ਅੱਜ ਚਾਲੂ ਕਰ ਦਿੱਤਾ ਜਾਵੇਗਾ ਅਤੇ ਟਾਂਗਰੀ ਨਦੀ ਵਿੱਚ ਪਏ ਪਾੜ ਨੂੰ ਪੂਰਨ ਦਾ ਕੰਮ ਵੀ ਅੱਜ ਦੇਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਜਿਸ ਥਾਂ ਤੋਂ ਇਹ ਸੜਕ ਜਿਆਦਾ ਟੁੱਟੀ ਹੈ ਉਸ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਗਟਕਾ ਰੋੜਾ ਪਾਇਆ ਜਾਵੇਗਾ। ਵਿਧਾਇਕ ਪਠਾਣਮਾਜਰਾ ਅੱਜ ਸਵੇਰੇ ਅੱਠ ਵਜੇ ਤੋਂ ਹੀ ਆਪਣੀ ਟੀਮ ਨਾਲ ਬੰਨ੍ਹ ਅਤੇ ਟੁੱਟੀ ਸੜਕ ’ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਸੜਕ ਅਤੇ ਬੰਨ੍ਹ ’ਤੇ ਮਿੱਟੀ ਪਾ ਕੇ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਹੜ੍ਹ ਦੌਰਾਨ ਦਿਨ-ਰਾਤ ਕੰਮ ਕਰਨ ਵਾਲੇ ਡੀਸੀ ਸਾਕਸ਼ੀ ਸਾਹਨੀ, ਐਸਡੀਐਮ ਕ੍ਰਿਪਾਲਵੀਰ ਸਿੰਘ, ਤਹਿਸੀਲਦਾਰ ਵੀਨਾ ਰਾਣੀ, ਨਾਇਬ ਤਹਿਸੀਲਦਾਰ ਮਲਕੀਤ ਸਿੰਘ ਅਤੇ ਬੀਡੀਪੀਓ ਮਨਦੀਪ ਸਿੰਘ ਤੇ ਆਪਣੀ ਟੀਮ ਦੀ ਸ਼ਲਾਘਾ ਕੀਤੀ।
ਨੁਕਸਾਨ ਦੀ ਭਰਪਾਈ ਕਰੇਗੀ ਸਰਕਾਰ: ਪਠਾਣਮਾਜਰਾ
ਵਿਧਾਇਕ ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿਚੋਂ ਲੰਘਦੇ ਸਾਰੇ ਨਦੀਆਂ ਨਾਲਿਆਂ ਵਿਚਲੇ ਪਾੜਾਂ ਨੂੰ ਪੂਰੀ ਮਜ਼ਬੂਤੀ ਨਾਲ ਪੂਰਿਆ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੁਬਾਰਾ ਪਾਣੀ ਆ ਗਿਆ ਹੈ। ਜ਼ਿਕਰਯੋਗ ਹੈ ਕਿ ਉਹ ਆਪਣੇ ਗਲ਼ੇ ਦੇ ਅਪਰੇਸ਼ਨ ਤੋਂ ਤੀਜੇ ਦਿਨ ਹੀ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲੱਗ ਗਏ ਸਨ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ 31 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਪਹਿਲਾਂ ਸਨੌਰ ’ਚ ਸ਼ਹੀਦ ਊਧਮ ਸਿੰਘ ਨੂੰ ਸਰਮਪਿਤ ਸਮਾਗਮ ’ਚ ਸ਼ਿਰਕਤ ਕਰਨਗੇ ਤੇ ਫਿਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।