ਰਵੇਲ ਸਿੰਘ ਭਿੰਡਰ
ਪਟਿਆਲਾ, 1 ਨਵੰਬਰ
ਸ਼ਾਹੀ ਸ਼ਹਿਰ ਦੀ ਵਿਰਾਸਤ ਨਾਲ ਲਬਰੇਜ਼ ਰਜਿੰਦਰਾ ਝੀਲ ਮੁੜ ਸੈਰਗਾਹ ਵਜੋਂ ਵਿਕਸਿਤ ਹੋਣ ਲੱਗੀ ਹੈ। ਦਹਾਕਿਆਂ ਤੋਂ ਸੁੱਕੀ ਪਈ ਇਸ ਝੀਲ ਨੂੰ ਅੱਜ ਤੋਂ ਪਾਣੀ ਨਸੀਬ ਹੋਣਾ ਸ਼ੁਰੂ ਹੋ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਅਗਲੇ 10 ਦਿਨਾਂ ਤੱਕ ਇਹ ਝੀਲ ਪਾਣੀ ਨਾਲ ਨੱਕੋ ਨੱਕ ਭਰਕੇ ਖੁੱਲੀ ਡੁੱਲ੍ਹੀ ਝੀਲ ਦੇ ਮੁਹਾਂਦਰੇ ਦਾ ਰੂਪ ਲੈ ਲਵੇਗੀ।
ਪਟਿਆਲਾ ਰਿਆਸਤ ਵੇਲੇ ਬਣੀ ਇਹ ਝੀਲ ਮਹਾਰਾਜਾ ਭੁਪਿੰਦਰ ਸਿੰਘ ਨੇ ਮਹਾਰਾਜਾ ਰਾਜਿੰਦਰ ਸਿੰਘ ਦੀ ਯਾਦ ’ਚ ਬਣਵਾਈ ਸੀ। ਸ਼ਾਹੀ ਸ਼ਹਿਰ ਦੀ ਵਿਲੱਖਣ ਸੁੰਦਰਤਾ ’ਚ ਸ਼ੀਸ਼ ਮਹਿਲ ਝੀਲ ਤੇ ਰਜਿੰਦਰਾ ਝੀਲ ਵਾਧਾ ਕਰਦੀਆਂ ਰਹੀਆਂ ਹਨ। ਪਿਛਲੇ ਕਈ ਦਹਾਕਿਆਂ ਤੋਂ ਦੋਵੇਂ ਝੀਲਾਂ ਪਾਣੀ ਤੋਂ ਵੰਚਿਤ ਸਨ। ਰਜਿੰਦਰਾ ਝੀਲ ਦੀ ਵਿਰਾਸਤੀ ਦਿੱਖ ਵੀ ਦਿਨ ਬ ਦਿਨ ਮਿੱਟ ਰਹੀ ਸੀ। ਪਿਛਲੇ ਕਈ ਮਹੀਨਿਆਂ ਤੋਂ ਆਖਿਰ ਇਸ ਝੀਲ ਨੂੰ ਵਿਰਾਸਤੀ ਦਿੱਖ ਦੇਣ ਲਈ ਸਿਰਤੋੜ ਕੋਸ਼ਿਸ਼ਾਂ ਹੋ ਰਹੀਆਂ ਸਨ, ਜਿਨ੍ਹਾਂ ਨੂੰ ਆਖਿਰ ਅੱਜ ਬੂਰ ਪੈ ਗਿਆ ਹੈ। ਭਾਖੜਾ ਮੇਨ ਲਾਈਨ ਤੋਂ ਇਸ ਝੀਲ ’ਚ ਪਾਣੀ ਛੱਡ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਿਕ 10 ਏਕੜ ’ਚ ਫੈਲੀ ਇਸ ਝੀਲ ’ਚ ਅਗਲੇ 10 ਦਿਨਾਂ ਤੱਕ ਪੰਜ ਪੰਜ ਫੁੱਟ ਤੱਕ ਪਾਣੀ ਭਰਿਆ ਜਾਵੇਗਾ। ਇਸ ਝੀਲ ਨੂੰ ਕੁਦਰਤੀ ਮੁਹਾਂਦਰਾ ਦੇਣ ਲਈ ਜਿਥੇ ਫੁਹਾਰੇ ਲਗਾਏ ਗਏ ਹਨ, ਉਥੇ ਇਸ ’ਚ ਕਿਸ਼ਤੀਆਂ ਵੀ ਛੱਡੀਆਂ ਜਾਣਗੀਆਂ। ਭਾਵੇਂ ਪਿਛਲੀ ਸਰਕਾਰ ਦੌਰਾਨ 2016 ’ਚ ਵੀ ਇਸ ਝੀਲ ਪ੍ਰਤੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ, ਪਰ ਬਾਅਦ ’ਚ ਕੰਮ ਫਿਰ ਅੱਧਵਾਟੇ ਲਟਕ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਇੱਕ ਵਾਰ ਝੀਲ ਨੂੰ ਅਸਲੀ ਮੁਹਾਂਦਰਾ ਦੇਣ ਲਈ ਅਦਾਲਤ ਤੱਕ ਵੀ ਪਹੁੰਚ ਕੀਤੀ ਸੀ। ਆਖ਼ਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੀ ਸਰਪ੍ਰਸ਼ਤੀ ਹੇਠ ਵਿਰਾਸਤੀ ਝੀਲ ਮੁੜ ਪੈਰਾਂ ਸਿਰ ਹੋਣ ਵੱਲ ਵਧੀ ਹੈ। ਪਟਿਆਲਾ ਡਰੇਨੇਜ ਸਰਕਲ ਇਸ ਝੀਲ ਪ੍ਰਤੀ ਦਿਨ ਰਾਤ ਸਰਗਰਮੀ ਵਿਖਾ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ‘ਬਿੱਟੂ’ ਨੇ ਦੱਸਿਆ ਕਿ ਝੀਲ ਨੂੰ ਵਿਰਾਸਤੀ ਦਿੱਖ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਥੋੜੇ ਦਿਨਾਂ ’ਚ ਰਾਜਿੰਦਰਾ ਝੀਲ ਦੀ ਕਾਇਆ ਕਲਪ ਮਗਰੋਂ ਅਗਲੀ ਕੋਸ਼ਿਸ਼ ਹੈ ਕਿ ਸ਼ੀਸ਼ ਮਹਿਲ ਦੀ ਵਿਰਾਸਤੀ ਝੀਲ ਵੀ ਸੈਰ ਸਪਾਟੇ ਵਜੋਂ ਮੁੜ ਵਿਕਸਿਤ ਹੋ ਸਕੇ।