ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਜੁਲਾਈ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਜਥੇਬੰਦੀ ਪੀਡਬਲਿਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਡਿਵੀਜ਼ਨ ਦਫ਼ਤਰ ਪਾਤੜਾਂ ਅੱਗੇ ਪਾਪਾਂ ਦਾ ਘੜਾ ਭੰਨਿਆ ਗਿਆ। ਇਸ ਦੌਰਾਨ ਇਕੱਤਰ ਜਲ ਸਪਲਾਈ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਬ੍ਰਾਂਚ ਪ੍ਰਧਾਨ ਕੁਲਦੀਪ ਸਿੰਘ ਤੇ ਚੇਅਰਮੈਨ ਦਰਸ਼ਨ ਸਿੰਘ ਰੋਗਲਾ ਨੇ ਕਿਹਾ ਕਿ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਕੇਂਦਰੀ ਪੇ ਕਮਿਸ਼ਨ ਲਾਗੂ ਕੀਤੇ ਜਾਣ ਸਬੰਧੀ ਜਾਰੀ ਕੀਤਾ ਗਿਆ ਪੱਤਰ ਮੁਲਾਜ਼ਮ ਹਿੱਤਾਂ ਨਾਲ ਖਿਲਵਾੜ ਹੈ। ਜਿਸ ਤਹਿਤ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਨ ਦੇ ਮਨਸੂਬੇ ਬਣਾ ਰਹੀ ਹੈ ਪਰ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮ ਇਸ ਮਨਸੂਬੇ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਨ ਵਾਲੀ ਸਰਕਾਰ ਦੀ ਅਗਵਾਈ ਕਰ ਰਹੇ ਮੌਜੂਦਾ ਤੇ ਸਾਬਕਾ ਮੰਤਰੀ ਤੇ ਵਿਧਾਇਕ ਕਈ ਕਈ ਪੈਨਸ਼ਨਾਂ ਲੈ ਰਹੇ ਹਨ। ਜਿਨ੍ਹਾਂ ਦੀਆਂ ਵੱਡੀਆਂ ਰਕਮਾਂ ਵਾਲੀਆਂ ਪੈਨਸ਼ਨਾਂ ਸੂਬੇ ਉੱਤੇ ਵੱਡੇ ਕਰਜ਼ੇ ਦਾ ਕਾਰਨ ਬਣ ਰਹੀਆਂ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਪੈਨਸ਼ਨਾਂ ਵਿੱਚ ਕਟੌਤੀ ਕਰਨ ਦੀ ਬਜਾਏ ਮੁਲਾਜ਼ਮ ਹਿੱਤਾਂ ਉੱਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਨੂੰ ਇੰਨ ਬਿੰਨ ਲਾਗੂ ਕਰਨ ਦੇ ਨਾਲ ਨਾਲ ਬਕਾਇਆ ਪਈਆਂ ਡੀਏ ਦੀਆਂ ਕਿਸ਼ਤਾਂ ਅਦਾ ਕਰੇ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅੱਜ ਇਥੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਅਗਵਾਈ ਹੇਠ ਮੁਲਾਜ਼ਮ ਤੇ ਸਫਾਈ ਮਜ਼ਦੂਰ ਯੂਨੀਅਨ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਘੜੇ ਭੰਨ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਮਾਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਬਡਰੁੱਖਾਂ, ਗੁਰਨਾਮ ਸਿੰਘ, ਰਾਮਪਾਲ, ਜੰਗਲਾਤ ਕਰਮਚਾਰੀ ਯੂਨੀਅਨ, ਜੇਟੀਯੂ ਆਗੂ ਮਾਸਟਰ ਬੱਗਾ ਸਿੰਘ, ਸਫਾਈ ਕਰਮਚਾਰੀ ਯੂਨੀਅਨ ਭਵਾਨੀਗੜ੍ਹ ਦੇ ਆਗੂ ਬਿੱਟੂ ਸਿੰਘ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਰੋਨਾ ਸੰਕਟ ਦੀ ਆੜ ਹੇਠ ਮੁਲਾਜ਼ਮ ਵਿਰੋਧੀ ਫੁਰਮਾਨ ਜਾਰੀ ਕਰਕੇ ਹਫੜਾ ਦਫੜੀ ਮਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀਏ ਬੰਦ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਡੀਏ ਦੀਆਂ ਕਿਸ਼ਤਾਂ ਬੰਦ ਕਰ ਰੱਖੀਆਂ ਹਨ। ਮੁਲਾਜ਼ਮਾਂ ਨੇ ਐੱਸਡੀਐੱਮ ਦਫਤਰ, ਬੀਪੀਈਓ ਦਫਤਰ, ਜਲ ਸਰੋਤ ਵਿਭਾਗ ਤੇ ਨਗਰ ਕੌਂਸਲ ਭਵਾਨੀਗੜ੍ਹ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਦੇ ਪਾਪਾਂ ਦੇ ਘੜੇ ਭੰਨੇ।
ਦਰਜਾ ਚਾਰ ਮੁਲਾਜ਼ਮਾਂ ਨੇ ਤਿੰਨ ਥਾਈਂਂ ਕੀਤੀਆਂ ਰੈਲੀਆਂ
ਪਟਿਆਲਾ (ਸਰਬਜੀਤ ਸਿੰਘ ਭੰਗੂ): ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ ਇੱਥੇ ਤਿੰਨ ਥਾਂ ਘੜਾ ਭੰਨ੍ਹ ਰੈਲੀਆਂ ਕੀਤੀਆਂ ਗਈਆਂ। ਪਹਿਲੀ ਰੈਲੀ ਭਾਖੜਾ ਮੇਨ ਲਾਈਨ ਸਰਕਲ ਦਫਤਰ ਅੱਗੇ, ਦੂਸਰੀ ਰੈਲੀ ਮਾਤਾ ਕੁਸ਼ੱਲਿਆ ਹਸਪਤਾਲ ਸਿਵਲ ਸਰਕਲ ਦਫਤਰ ਅਤੇ ਤੀਸਰੀ ਰੈਲੀ ਨਗਰ ਨਿਗਮ ਪਟਿਆਲਾ ਦਫਤਰ ਅੱਗੇ ਕੀਤੀ। ਰੈਲੀ ਦੀ ਅਗਵਾਈ ਬਲਜਿੰਦਰ ਸਿੰਘ, ਜਗਮੋਹਨ ਨੋ ਲੱਖਾ, ਰਾਮ ਕਿਸ਼ਨ, ਬਲਬੀਰ ਸਿੰਘ, ਨਿਰਮਲ ਸਿੰਘ, ਰਾਜ ਸਿੰਘ, ਪ੍ਰੀਤਮ ਚੰਦ, ਰਿੰਕੂ ਵੈਦ, ਵਿਕਰਮ ਸੌਦੇ, ਮੁਕੇਸ਼ ਰਾਹੀ, ਰਿੱਕੀ ਕਲਿਆਣ, ਅਕਾਸ਼ ਦੀਪ, ਰਾਕੇਸ਼ ਫੌਜੀ, ਸੁਖਦੇਵ ਸਿੰਘ ਝੰਡੀ, ਬੰਟੀ ਸੰਗਰ, ਮੋਨੂੰ, ਅਮਿਤ ਕੁਮਾਰ, ਸੰਜੂ ਕਾਗੜਾ, ਅਸ਼ੋਕ ਕੁਮਾਰ, ਜਸਵੰਤ ਸਿੰਘ ਆਦਿ ਨੇ ਕੀਤੀ। ਪੰਜਾਬ ਸਰਕਾਰ ਵੱਲੋਂ ਦਿਹਾੜੀਦਾਰਾਂ, ਕੰਟਰੈਕਟ ਤੇ ਪਾਰਟ ਟਾਇਮ ਕਰਮੀਆਂ ਨੂੰ ਰੈਗੂਲਰ ਕਰਨ ਵਿੱਚ ਦੇਰੀ ਕਰਨ, ਕੇਂਦਰੀ ਸਕੇਲ ਲਾਗੂ ਕਰਨ ਦਾ ਵਿਰੋਧ ਕੀਤਾ ਗਿਆ, ਪੰਜਾਬ ਦੇ ਛੇਵੇ ਵੇਤਨ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਕਰਨਾ, ਡੀ.ਏ. ਦੇਣਾ, ਬਕਾਇਆ ਦੇਣਾ, ਰੈਗੂਲਰ ਭਰਤੀ ਕਰਨੀ ਤੇ ਵਿਭਾਗ ਦੇ ਪੁਨਰ ਗਠਨ ਦੇ ਨਾਮ ਤੇ ਮੁਲਾਜ਼ਮਾਂ ਦੀ ਅਸਾਮੀਆਂ ਖਤਮ ਕਰਨ ਵਰਗੇ ਇਸ ਘੜੇ ਭੰਨ ਰੈਲੀਆਂ ਵਿੱਚ ਉੱਠਾਏ ਗਏ ਤੇ ਅਗਲੀ ਰੈਲੀ ਸਿੰਜਾਈ ਆਈ.ਬੀ. ਤੇ ਜਿਲ੍ਹਾ ਸਿੱਖਿਆ ਦਫਤਰ ਅੱਗੇ ਕੀਤੀ ਜਾਵੇਗੀ।