ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 24 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਰਾਜਪੁਰਾ ਅਤੇ ਘਨੌਰ ਸਬ ਡਿਵੀਜ਼ਨਾਂ ਦੇ ਪਿੰਡਾਂ ਵਿੱਚ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਾਸਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਸੱਤ ਦਰਜਨ ਤੋਂ ਵੱਧ ਜਲਸੋਧਕ ਪਲਾਟਾਂ ਨੂੰ ਫੰਡਾਂ ਦੀ ਘਾਟ ਕਾਰਨ ਬਿਜਲੀ ਕੁਨੈਕਸ਼ਨ ਨਾ ਮਿਲ ਸਕੇ। ਇਸ ਕਾਰਨ ਇਹ ਚਿੱਟੇ ਹਾਥੀ ਸਾਬਿਤ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਤਤਕਾਲੀ ਕਾਂਗਰਸ ਸਰਕਾਰ ਦੇ ਅੰਤਿਮ ਦਿਨਾਂ ਦੌਰਾਨ ਰਾਜਪੁਰਾ ਅਤੇ ਘਨੌਰ ਖੇਤਰ ਦੇ ਉਨ੍ਹਾਂ ਸੱਤ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਲ ਸਪਲਾਈ ਵਿਭਾਗ ਵੱਲੋਂ ਕਰੋੜਾਂ ਰੁਪਏ ਖਰਚ ਕੇ (ਸੀ.ਡਬਲਯੂ. ਪੀ.ਪੀ ਯੋਜਨਾ ਤਹਿਤ) ਫਲੋਰਾਈਡ ਮੁਕਤ ਸਮੂਹ ਪਾਣੀ ਸੋਧਕ ਪਲਾਂਟ ਉਸਾਰੇ ਗਏ ਸਨ। ਵਿਭਾਗ ਵੱਲੋਂ 1000 ਐੱਲ.ਪੀ.ਐੱਮ, 750, 500 ਅਤੇ 250 ਐੱਲ.ਪੀ.ਐੱਮ ਸਮਰੱਥਾ ਵਾਲੇ ਇਨ੍ਹਾਂ ਪਲਾਟਾਂ ਦੀ ਉਸਾਰੀ ’ਤੇ ਪ੍ਰਤੀ ਪਲਾਂਟ ਕ੍ਰਮਵਾਰ 8 ਲੱਖ 36 ਹਜ਼ਾਰ 396 ਰੁਪਏ, 7 ਲੱਖ 65 ਹਜ਼ਾਰ 820 ਰੁਪਏ, 7 ਲੱਖ 25 ਹਜ਼ਾਰ 77 ਰੁਪਏ ਅਤੇ 6 ਲੱਖ 35 ਹਜ਼ਾਰ 234 ਰੁਪਏ ਰਾਸ਼ੀ ਖਰਚੀ ਜਾਣੀ ਸੀ ਜਿਸ ਵਿੱਚੋਂ ਇਨ੍ਹਾਂ ਦੀ ਉਸਾਰੀ ਅਤੇ ਆਉਂਦੇ ਪੰਜ ਸਾਲਾਂ ਲਈ ਸਾਂਭ-ਸੰਭਾਲ ਕਰਨ ਵਾਲੀ ਠੇਕੇਦਾਰ ਕੰਪਨੀ ਨੂੰ 65 ਫੀਸਦੀ ਰਾਸ਼ੀ ਅਗਾਊਂ ਤੌਰ ’ਤੇ ਅਦਾ ਕੀਤੀ ਗਈ ਅਤੇ ਬਾਕੀ ਦੀ ਰਾਸ਼ੀ ਵਿੱਚੋਂ ਹਰ ਸਾਲ 7 ਫੀਸਦੀ ਰਾਸ਼ੀ ਸਬੰਧਤ ਕੰਪਨੀ ਨੂੰ ਅਦਾਇਗੀਯੋਗ ਹੋਵੇਗੀ। ਇਹ ਉਸਾਰੀ ਅਕਤੂਬਰ 2021 ਤੋਂ ਮਾਰਚ 2022 ਦਰਮਿਆਨ ਕਰਵਾਈ ਗਈ। ਇਨ੍ਹਾਂ ਪਲਾਂਟਾਂ ਤੋਂ ਸਬੰਧਤ ਪਿੰਡਾਂ ਦੇ ਲੋਕਾਂ ਸ਼ੁੱਧ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾਣਾ ਸੀ ਜਿਸ ਦੀ ਸਪਲਾਈ ਅਜੇ ਤੱਕ ਵੀ ਆਰੰਭ ਨਹੀਂ ਹੋ ਸਕੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਪਲਾਂਟ ਲਗਾ ਦਿੱਤੇ ਹਨ ਤਾਂ ਉਨ੍ਹਾਂ ਨੂੰ ਚਲਾਉਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਬਿਜਲੀ ਕੁਨੈਕਸ਼ਨ ਚਾਲੂ ਕਰਨ ਲਈ ਫੰਡਾਂ ਦੀ ਉਡੀਕ: ਐੱਸਡੀਓ
ਜਲ ਸਪਲਾਈ ਵਿਭਾਗ ਦੀ ਰਾਜਪੁਰਾ ਤੇ ਘਨੌਰ ਸਬ ਡਿਵੀਜ਼ਨਾਂ ਦੇ ਐੱਸ.ਡੀ.ਓ. ਸਵਿਤ ਕੁਮਾਰ ਗਰਗ ਅਤੇ ਐੱਸ.ਡੀ.ਓ ਈਮਾਨਜੋਤ ਸਿੰਘ ਦਾ ਕਹਿਣਾ ਹੈ ਕਿ ਇੱਕ ਪਲਾਂਟ ਨੂੰ ਚਾਲੂ ਕਰਨ ਲਈ ਪਾਵਰਕੌਮ ਤੋਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਵਾਸਤੇ ਪ੍ਰਤੀ ਕੁਨੈਕਸ਼ਨ 10 ਹਜ਼ਾਰ 500 ਰੁਪਏ ਡਿਮਾਂਡ ਨੋਟਿਸ ਰਾਸ਼ੀ ਜਮ੍ਹਾਂ ਕਰਵਾਈ ਜਾਣੀ ਹੈ। ਉਨ੍ਹਾਂ ਵੱਲੋਂ ਸਰਕਾਰ ਤੋਂ ਇਸ ਲਈ ਲੋੜੀਂਦੇ ਫੰਡ ਮੰਗੇ ਗਏ ਹਨ। ਫੰਡ ਪ੍ਰਾਪਤ ਹੋਣ ’ਤੇ ਬਿਜਲੀ ਕੁਨੈਕਸ਼ਨ ਲੈ ਕੇ ਪਲਾਂਟ ਚਾਲੂ ਕਰ ਦਿੱਤੇ ਜਾਣਗੇ।