ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਈ
ਇੱਥੇ ਲੰਘੀ ਰਾਤ ਆਏ ਝੱਖੜ ਦੌਰਾਨ ਕਈ ਥਾਈਂ ਦਰੱਖ਼ਤ ਡਿੱਗ ਗਏ ਅਤੇ ਕੁਝ ਥਾਈਂ ਬਿਜਲੀ ਦੇ ਖੰਭੇ ਵੀ ਟੁੱਟ ਗਏ ਜਿਸ ਕਾਰਨ ਰਾਤ ਨੂੰ ਬੱਤੀ ਬੰਦ ਹੋ ਗਈ। ਕਈ ਇਲਾਕਿਆਂ ਵਿੱਚ ਤਾਂ ਭਾਵੇਂ ਬਿਜਲੀ ਕੁਝ ਸਮੇਂ ਬਾਅਦ ਹੀ ਆ ਗਈ ਸੀ, ਪਰ ਕੁਝ ਥਾਵਾਂ ’ਤੇ ਰਾਤ ਭਰ ਬਿਜਲੀ ਨਾ ਆਉਣ ਦਾ ਵੀ ਪਤਾ ਲੱਗਾ ਹੈ। ਪਟਿਆਲਾ ’ਚ ਜਾਰੀ ਕਿਸਾਨਾਂ ਦੇ ਦੋਵੇਂ ਧਰਨਿਆਂ ਵਿਚਲੇ ਟੈਂਟ ਵੀ ਪੁੱਟੇ ਗਏ ਸਨ। ਕਈ ਦੁਕਾਨਾਂ ਅਤੇ ਹੋਰ ਅਦਾਰਿਆਂ ਆਦਿ ਦੇ ਬੋਰਡ ਤੇ ਹੋਰ ਵਸਤਾਂ ਅਤੇ ਰਾਜਸੀ ਪਾਰਟੀਆਂ ਤੇ ਧਾਰਮਿਕ ਸਮਾਗਮਾਂ ਸਬੰਧੀ ਲਾਏ ਹੋਰਡਿੰਗ ਵੀ ਫਟ/ਟੁੱਟ ਗਏ। ਝੱਖੜ ਕਾਰਨ ਲੋਕਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪਿਆ, ਉੱਥੇ ਝੱਖੜ ਦੌਰਾਨ ਆਇਆ ਮੀਂਹ ਲੋਕਾਂ ਲਈ ਰਾਹਤ ਭਰਿਆ ਵੀ ਰਿਹਾ ਕਿਉਂਕਿ ਲੰਘੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਸਨ। 29 ਮਈ ਨੂੰ ਦਿਨ ਵੇਲ਼ੇ ਵੱਧ ਤੋਂ ਵੱਧ ਤਾਪਮਾਨ 38 ਸੈਲਸੀਅਸ ਰਿਹਾ, ਜੋ ਮੀਂਹ ਪੈਣ ਨਾਲ਼ ਘਟ ਕੇ ਘੱਟ ਤੋਂ ਘੱਟ 28 ਸੈਲਸੀਅਸ ’ਤੇ ਆ ਗਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਮੀਂਹ ਕਾਰਨ ਮੌਸਮ ’ਚ ਠੰਢਕ ਆ ਗਈ ਸੀ ਕਿ ਉਨ੍ਹਾਂ ਨੂੰ ਰਾਤ ਭਰ ਏ.ਸੀ ਚਲਾਓਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ। ਮੌਸਮ ਵਿਭਾਗ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਮੁਤਾਬਿਕ ਲੰਘੀ ਰਾਤ ਪਟਿਆਲਾ ਜ਼ਿਲ੍ਹੇ ਵਿਚ 13.7 ਐਮ.ਐਮ ਬਾਰਸ਼ ਹੋਈ।
ਇਸ ਤਰ੍ਹਾਂ ਲੰਘੀ ਰਾਤੀ ਆਏ ਝੱਖੜ ਅਤੇ ਮੀਂਹ ਦਾ ਅਸਰ ਅੱਜ 30 ਮਈ ਨੂੰ ਵੀ ਦੇਖਣ ਨੂੰ ਮਿਲਿਆ। ਕਿਉਂਕਿ ਝੱਖੜ ਨਾਲ ਡਿੱਗੇ ਬਿਜਲੀ ਦੇ ਖੰਭੇ, ਦਰੱਖ਼ਤ, ਲੋਕਾਂ ਦੇ ਸ਼ੈਡ ਅਤੇ ਹੋਰ ਟੈਂਟ ਆਦਿ ਦੀ ਸਾਂਭ ਸੰਭਾਲ਼ ਦਾ ਕੰਮ ਅੱਜ ਦਿਨ ’ਚ ਚੱਲਦਾ ਰਿਹਾ। ਜਦਕਿ ਰਾਤ ਪਏ ਮੀਂਹ ਦੇ ਅਸਰ ਤਹਿਤ 30 ਮਈ ਨੂੰ ਤਾਪਮਾਨ ਕੱਲ੍ਹ ਨਾਲ਼ੋਂ ਘੱਟ ਰਿਹਾ। ਕਿਉਂਕਿ ਇਹ ਤਾਪਮਾਨ ਅੱਜ 35.3 ਸੈਲਸੀਅਸ ਮਾਪਿਆ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਬੂੰਦਾ ਬਾਂਦੀ ਹੋਣ ਦੀ ਸੰਭਾਵਨਾ ਜਤਾਈ ਹੈ।
ਇਸੇ ਦੌਰਾਨ ਕਰੋਨਾ ਮਹਾਮਾਰੀ ਦੇ ਅਸਰਦਾਰ ਟਾਕਰੇ ਨੂੰ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੇ ਪੁੱਡਾ ਵਿਖੇ ਲਾਏ ਗਏ ਦਿਨ ਰਾਤ ਦੇ ਤਿੰਨ ਰੋਜ਼ਾ ਧਰਨੇ ਦੌਰਾਨ ਟੈਂਟਾਂ ਨਾਲ਼ ਬਣਾਇਆ ਗਿਆ ਵਿਸ਼ਾਲ ਪੰਡਾਲ ਵੀ ਇਸ ਝੱਖੜ ਨੇ ਬਿਖੇਰ ਦਿੱਤਾ ਸੀ। ਰਾਤ ਨੂੰ ਇੱਥੇ ਹੀ ਮੌਜੂਦ ਰਹੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਦਾ ਕਹਿਣਾ ਸੀ ਕਿ ਇਸ ਦੌਰਾਨ ਪੰਡਾਲ਼ ’ਚ ਪਏ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਪੰਜਾਬ ਵਾਸੀਆਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਲਾਏ ਗਏ ਇਸ ਧਰਨੇ ਵਿਚਲੇ ਸਮੂਹ ਕਿਸਾਨ ਝੱਖੜ ਦੇ ਬਾਵਜੂਦ ਡਟੇ ਰਹੇ। ਉਨ੍ਹਾਂ ਕਿਹਾ ਕਿ ਝੱਖੜ ਦੌਰਾਨ ਸ਼ਹਿਰ ਦੇ ਕੁਝ ਪਰਿਵਾਰ ਵੀ ਰਾਤ ਨੂੰ ਹੀ ਉਨ੍ਹਾਂ ਦੀ ਮਦਦ ’ਤੇ ਨਿਕਲ਼ ਆਏ ਸਨ। ਉਧਰ ਐਕਸਪ੍ਰੈਸ ਵੇਅ ਲਈ ਘੱਟ ਰੇਟ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੇ ਖ਼ਿਲਾਫ਼ ਇਥੇ ਮੁੱਖ ਮੰਤਰੀ ਨਿਵਾਸ ਨੇੜੇ ਕਈ ਹਫਤਿਆਂ ਤੋਂ ਜਾਰੀ ਕਿਸਾਨਾਂ ਦੇ ਧਰਨੇ ਵਾਲਾ ਟੈਂਟ ਵੀ ਇਸ ਝੱਖੜ ਕਾਰਨ ਪ੍ਰਭਾਵਿਤ ਹੋਇਆ।
ਇਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਗਲੌਲੀ ਨੇ ਮੰਨਿਆ ਕਿ ਰਾਤ ਨੂੰ ਇਥੇ ਠਹਿਰੇ ਕਿਸਾਨਾ ਨੂੰ ਮੁਸ਼ਕਲਾਂ ਆਈਆਂ। ਪਰ ਉਨ੍ਹਾਂ ਦਾ ਨਾਲ਼ ਹੀ ਕਹਿਣਾ ਸੀ ਕਿ ਕਿਸਾਨ ਤਾਂ ਪੈਦਾ ਹੀ ਮੁਸ਼ਕਲਾਂ ਨਾਲ ਜੂਝਣ ਲਈ ਹੋਇਆ ਹੈ। ਇਸ ਤਰਾਂ ਇਹ ਝੱਖੜ ਲੋਕਾਂ ਲਈ ਮੁਸ਼ਕਲ ਭਰਿਆ ਅਤੇ ਮੀਂਹ ਰਾਹਤ ਭਰਿਆ ਰਿਹਾ।