ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਗਸਤ
ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਆਪਣੀਆਂ ਦੋ ਬੱਚੀਆਂ ਨੂੰ ਛੱਡ ਕੇ ਇੱੱਕ ਮਹਿਲਾ ਆਪਣੇ ਘਰ ਸਰਹਿੰਦ ਚਲੀ ਗਈ ਸੀ। ਇਸ ਸਬੰਧੀ ਡਾਕਟਰਾਂ ਵੱਲੋਂ ਪੁਲੀਸ ਨੂੰ ਇਤਲਾਹ ਦੇਣ ’ਤੇ ਪੁਲੀਸ ਨੇ ਇਸ ਮਹਿਲਾ ਨੂੰ ਉਸ ਦੇ ਘਰ ਸਰਹਿੰਦ ਤੋਂ ਲੱਭਿਆ। ਇਹ ਮਹਿਲਾ ਸਰਹਿੰਦ ਦੀ ਹੀ ਰਹਿਣ ਵਾਲ਼ੀ ਹੈ। ਇਕ ਮਹਿਲਾ ਨੇ ਤਬੀਅਤ ਖਰਾਬ ਹੋਣ ਕਾਰਨ ਆਪਣੀ ਕੁਝ ਮਹੀਨਿਆਂ ਦੀ ਬੱਚੀ ਨੂੰ ਇਥੇ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਸੀ। ਜਿਸ ਦੇ ਨਾਲ਼ ਹੀ ਉਸ ਦੀ ਪੰਜ ਸਾਲਾਂ ਦੀ ਇੱਕ ਹੋਰ ਬੱਚੀ ਵੀ ਸੀ। ਪਰ ਇਸ ਦੌਰਾਨ ਹੀ ਉਹ ਐਤਵਾਰ ਨੂੰ ਬੱਚਿਆਂ ਨੂੰ ਛੱਡ ਕੇ ਕਿਧਰੇ ਚਲੀ ਗਈ ਸੀ। ਪਰ ਪੁਲੀਸ ਨੇ ਉਸ ਨੂੰ ਲੱਭ ਕੇ ਹਸਪਤਾਲ ਲਿਆਂਦਾ। ਇਸੇ ਤਰਾਂ ਅੱੱਜ ਵੀ ਇਹ ਮਹਿਲਾ ਬੱਚੀਆਂ ਨੂੰ ਛੱਡ ਕੇ ਚਲੀ ਗਈ ਸੀ। ਰਾਜਿੰਦਰਾ ਹਸਪਤਾਲ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਦਾ ਕਹਿਣਾ ਸੀ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਪੁਲੀਸ ਲੈ ਕੇ ਜਾਵੇ। ਪਰ ਉਨ੍ਹਾਂ ਕਿਹਾ ਕਿ ਇਹ ਕੰਮ ਬਾਲ ਵਿਭਾਗ ਦਾ ਹੈ। ਜਪਨਾਮ ਵਿਰਕ ਨੇ ਹੋਰ ਦੱਸਿਆ ਕਿ ਉਨ੍ਹਾਂ ਨੇ ਖੁਦ ਸਰਹਿੰਦ ਜਾ ਕੇ ਬੜੀ ਮੁਸ਼ਕਲ ਨਾਲ ਇਸ ਮਹਿਲਾ ਦਾ ਘਰ ਲੱਭਿਆ। ਚੌਕੀ ਇੰਚਾਰਜ ਨੇ ਹੋਰ ਦੱਸਿਆ ਕਿ ਇਸ ਮਹਿਲਾ ਨੂੰ ਉਸ ਦੇ ਘਰੋਂ ਹਸਪਤਾਲ ਲਿਆਂਦਾ। ਜਿਸ ’ਤੇ ਡਾਕਟਰਾਂ ਨੇ ਉਸ ਦੀ ਬੱਚੀ ਨੂੰ ਛੁੱਟੀ ਕਰ ਦਿੱਤੀ। ਜਪਨਾਮ ਵਿਰਕ ਨੇ ਦੱਸਿਆ ਕਿ ਇਸ ਮਗਰੋਂ ਪੁਲੀਸ ਮੁਲਾਜਮ ਹੀ ਇਸ ਮਹਿਲਾ ਅਤੇ ਉਸ ਦੀਆਂ ਬੱਚੀਆਂ ਨੂੰ ਉਸ ਦੇ ਘਰ ਸਰਹਿੰਦ ਛੱਡ ਕੇ ਆਏ ਹਨ। ਭਾਵੇਂ ਕਿ ਉਸ ਦੇ ਚਲੇ ਜਾਣ ਦੇ ਅਸਲੀ ਕਾਰਨਾ ਦਾ ਤਾਂ ਪਤਾ ਨਹੀਂ ਲੱਗ ਸਕਿਆ, ਪਰ ਮੁਢਲੇ ਤੌਰ ‘ਤੇ ਉਹ ਦਿਮਾਗੀ ਤੌਰ ’ਤੇ ਕੁਝ ਪਰੇਸ਼ਾਨ ਦੱਸੀ ਜਾ ਰਹੀ ਹੈ।