ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 7 ਸਤੰਬਰ
ਹਲਕਾ ਸਨੌਰ ਦੇ ਇਲਾਕੇ ਵਿੱਚ ਲਗਭਗ ਪੰਜ ਰਜਵਾਹੇ ਚਲਦੇ ਹਨ ਪਰ ਪਿਛਲੇ ਇੱਕ ਮਹੀਨੇ ਤੋਂ ਇਨ੍ਹਾਂ ਵਿੱਚ ਪਾਣੀ ਬਹੁਤ ਘੱਟ ਆ ਰਿਹਾ ਹੈ। ਇਸ ਕਾਰਨ ਝੋਨੇ ਦੀ ਫਸਲ ਸੁੱਕਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸਭ ਤੋਂ ਘੱਟ ਪਾਣੀ ਘੜਾਮ ਡਿਸਟ੍ਰੀਬਿਊਟਰੀ ਵਿੱਚ ਆ ਰਿਹਾ ਹੈ ਅਤੇ ਜਿਸ ਦੀ ਟੇਲ ਰਾਜਗੜ੍ਹ ਨੇੜੇ ਸੀ ਜੋ ਕਿ ਅੱਜਕੱਲ੍ਹ ਦੇਵੀਗੜ੍ਹ ਦੇ ਨਹਿਰੀ ਅਰਾਮ ਘਰ ਨੇੜੇ ਹੀ ਬਣ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਦੱਸਿਆ ਕਿ ਇਨ੍ਹਾਂ ਰਜਵਾਹਿਆਂ ਵਿੱਚ ਪਾਣੀ ਘੱਟ ਆਉਣ ਕਾਰਨ ਉਹ ਕਈ ਵਾਰ ਡੀਸੀ ਪਟਿਆਲਾ, ਐਕਸੀਅਨ ਨਹਿਰੀ ਵਿਭਾਗ, ਐੱਸ.ਡੀ.ਐੱਮ. ਦੁਧਨਸਾਧਾਂ ਅਤੇ ਐੱਸ.ਡੀ.ਓ. ਨਹਿਰੀ ਵਿਭਾਗ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਦੀ ਅਗਵਾਈ ਹੇਠ ਪਿਛਲੇ ਦਿਨੀਂ ਦੇਵੀਗੜ੍ਹ ਵਿਖੇ ਘੱਗਰ ਦੇ ਪੁਲ ’ਤੇ ਨਹਿਰੀ ਪਾਣੀ ਨੂੰ ਲੈ ਕੇ 3 ਘੰਟੇ ਆਵਾਜਾਈ ਠੱਪ ਰੱਖੀ ਗਈ ਸੀ ਜਿੱਥੇ ਆ ਕੇ ਐਕਸੀਅਨ ਨਹਿਰੀ ਵਿਭਾਗ ਅਤੇ ਐੱਸ.ਡੀ.ਐੱਮ. ਦੁੱਧਨਸਾਧਾਂ ਨੇ ਆ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਨਹਿਰੀ ਪਾਣੀ ਵਧਾ ਦਿੱਤਾ ਜਾਵੇਗਾ ਪਰ ਪਾਣੀ ਤਾਂ ਵਧਿਆ ਨਹੀਂ ਸਗੋਂ ਪਾਣੀ ਚੋਰੀ ਹੋਣ ਦੇ ਕੇਸ ਵੱਧ ਗਏ ਹਨ। ਵੇਰਵਿਆਂ ਅਨੁਸਾਰ ਪਾਣੀ ਦੀ ਕਥਿਤ ਚੋਰੀ ਮਾੜੂ, ਟਿਵਾਣਾ, ਨੌਰੰਗਵਾਲ, ਪੁਰ ਮੰਡੀ, ਸਿਰਕਪੜਾ ਨੇੜੇ ਹੁੰਦੀ ਹੈ। ਇਸ ਕਰਕੇ ਦੇਵੀਗੜ੍ਹ ਤੋਂ ਅੱਗੇ ਦੋਵਾਂ ਰਜਵਾਹਿਆਂ ਵਿੱਚ ਇੱਕ ਮੋਘੇ ਜਿਨਾ ਪਾਣੀ ਹੀ ਆ ਰਿਹਾ ਹੈ। ਸ੍ਰੀ ਲੇਹਲਾਂ ਨੇ ਕਿਹਾ ਕਿ ਇੱਕ ਤਾਂ ਬਾਰਸ਼ ਇਸ ਵਾਰ ਘੱਟ ਪਈ ਹੈ ਦੂਜਾ ਪਾਣੀ ਭਾਰੀ ਮਾਤਰਾ ’ਚ ਚੋਰੀ ਹੋ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਸੁੱਕ ਰਹੀ ਹੈ। ਉਨ੍ਹਾਂ ਸਬੰਧਤ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਨਾ ਵਧਾਇਆ ਗਿਆ ਤਾਂ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।