ਜੈਸਮੀਨ ਭਾਰਦਵਾਜ
ਨਾਭਾ, 29 ਮਈ
ਲਹਿੰਦੇ ਪੰਜਾਬ ਵਿੱਚੋਂ ਉੱਜੜ ਕੇ ਆਏ ਇਲਾਕਾ ਨਿਵਾਸੀਆਂ ਵੱਲੋਂ ਉਮੀਦਵਾਰਾਂ ਅੱਗੇ ਜਨਮ ਭੌਂਇ ਦਿਖਾਉਣ ਦੀ ਮੰਗ ਚੁੱਕਣ ਮਗਰੋਂ ਹੁਣ ਇਲਾਕੇ ਦੀ ਐਗਰੋ ਇੰਡਸਟਰੀ ਦੀ ਵੀ ਮੰਗ ਹੈ ਕਿ ਪਾਕਿਸਤਾਨ ਨੂੰ ਜਾਂਦੀ ਸਮਝੌਤਾ ਐਕਸਪ੍ਰੈੱਸ ਦੁਬਾਰਾ ਚਲਾਈ ਜਾਵੇ। 2019 ਵਿੱਚ ਪੁਲਵਾਮਾ ਕਾਂਡ ਤੋਂ ਪਹਿਲਾਂ ਇਹ ਟਰੇਨ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਰੁਕਦੀ ਹੋਈ ਲਾਹੌਰ ਜਾਂਦੀ ਸੀ।
ਜਨਤਕ ਸਮਾਗਮ ਵਿੱਚ ਮਲਕੀਤ ਐਗਰੋ ਪ੍ਰਾਈਵੇਟ ਲਿਮਿਟਡ ਦੇ ਐੱਮਡੀ ਚਰਨ ਸਿੰਘ ਨੇ ਦੱਸਿਆ ਕਿ ਇਸ ਟਰੇਨ ਰਾਹੀਂ ਉਨ੍ਹਾਂ ਦਾ ਤੂੜੀ ਦਾ ਰੀਪਰ ਪਾਕਿਸਤਾਨ ਜਾਂਦਾ ਸੀ ਪਰ ਟਰੇਨ ਬੰਦ ਹੋਣ ਨਾਲ ਨਾਭੇ ਦੇ ਸੈਂਕੜੇ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੀ ਮਸ਼ੀਨਰੀ ਤੋਂ ਇਲਾਵਾ 30 ਤੋਂ 100 ਜਣਿਆਂ ਨੂੰ ਰੁਜ਼ਗਾਰ ਦਿੰਦੀਆਂ ਬਲੇਡ, ਬੈਲਟਾਂ ਆਦਿ ਸਪੇਅਰ ਪਾਰਟ ਬਣਾਉਣ ਵਾਲੀਆਂ ਅਨੇਕਾਂ ਛੋਟੀਆਂ ਫੈਕਟਰੀਆਂ ਕੋਲੋਂ ਵੀ ਇੱਕ ਵੱਡੀ ਮਾਰਕੀਟ ਖੁੱਸ ਗਈ। ਇਸ ਦੇ ਨਾਲ ਟ੍ਰਾੰਸਪੋਰਟ ਇੰਡਸਟਰੀ ਤੇ ਮਜ਼ਦੂਰ ਵਰਗ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਏ ਹਨ।
ਦਸਮੇਸ਼ ਮਕੈਨੀਕਲ ਵਰਕਸ ਪ੍ਰਾਈਵੇਟ ਲਿਮਿਟਡ ਵੀ ਇੱਕ ਸੀਜ਼ਨ ’ਚ ਲਗਭਗ 8 ਕਰੋੜ ਦਾ ਮਾਲ ਪਾਕਿਸਤਾਨ ਭੇਜਦੀ ਸੀ ਤੇ ਉਨ੍ਹਾਂ ਮੁਤਾਬਕ ਕਈ ਫੈਕਟਰੀਆਂ ਉਨ੍ਹਾਂ ਨਾਲੋਂ ਕਈ ਗੁਣਾ ਵੱਧ ਮਾਲ ਪਾਕਿਸਤਾਨ ’ਚ ਵੇਚ ਰਹੀਆਂ ਸਨ ਪਰ ਟਰੇਨ ਬੰਦ ਹੋਣ ਨਾਲ ਸਭ ਦੀ ਵਿਕਰੀ ਸਿਮਟ ਗਈ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਸ਼ੀਨ ਪਾਕਿਸਤਾਨੀ ਕਿਸਾਨ ਨੂੰ 7 ਲੱਖ ਪਾਕਿਸਤਾਨੀ ਰੁਪਏ ਦੀ ਕੀਮਤ ’ਚ ਪੈਂਦੀ ਸੀ ਜਿਹੜੀ ਕਿ ਉਹ ਹੁਣ 11 ਲੱਖ ਰੁਪਏ ਦੀ ਖਰੀਦ ਰਹੇ ਹਨ ਤੇ ਪੰਜਾਬ ਦਾ ਸਾਰਾ ਵਪਾਰ ਚੀਨ ਵੱਲ ਚਲਾ ਗਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਨੂੰ ਵੀ ਜਿਹੜਾ ਟੈਕਸ ਰਾਹੀਂ ਡਾਲਰ ਮਿਲਦਾ ਸੀ ਉਹ ਹੁਣ ਚੀਨ ਕੋਲ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪਾਕਿਸਤਾਨ ਵੀ ਖੇਤੀ ਪ੍ਰਧਾਨ ਮੁਲਕ ਹੈ ਜਿਸ ਕਾਰਨ ਪੰਜਾਬ ਦੀ ਐਗਰੋ ਇੰਡਸਟਰੀ ਲਈ ਤਾਂ ਸਮਝੌਤਾ ਐਕਸਪ੍ਰੈਸ ਇੱਕ ਵਰਦਾਨ ਨਾਲੋਂ ਘੱਟ ਨਹੀਂ ਸੀ। ਇਲਾਕੇ ਦੇ ਇੰਡਸਟ੍ਰੀਲਿਸਟਾਂ ਦਾ ਕਹਿਣਾ ਹੈ ਕਿ ਜਦੋਂ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਪਾਕਿਸਤਾਨ ਨਾਲ ਵਪਾਰ ਜਾਰੀ ਹੈ ਤਾਂ ਪੰਜਾਬ ਬਾਰਡਰ ਤੋਂ ਵੀ ਵਪਾਰ ਖੋਲਣ ਦਾ ਵਿਚਾਰ ਕਰਨਾ ਚਾਹੀਦਾ ਹੈ।