ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਜੂਨ
ਪਿੰਡ ਹਰਿਆਊ ਖੁਰਦ ਦੀ ਪੰਚਾਇਤੀ ਜ਼ਮੀਨ ਵਿੱਚ ਬਣੀ ਪਿਕਾਡਲੀ ਖੰਡ ਮਿੱਲ ਕਾਫ਼ੀ ਸਮੇਂ ਤੋਂ ਬੰਦ ਪਈ ਹੈ। ਉਸ ਦੀ ਜ਼ਮੀਨ ਨਿਲਾਮ ਕਰ ਕੇ ਪੈਸਾ ਪੰਚਾਇਤ ਨੂੰ ਦੇਣ ਦਾ ਅਦਾਲਤ ਵੱਲੋਂ ਹੁਕਮ ਜਾਰੀ ਹੋਣ ’ਤੇ ਜ਼ਿਲ੍ਹੇ ਦੇ ਸਹਾਇਕ ਕੁਲੈਕਟਰ ਨੇ ਉਪ ਮੰਡਲ ਮੈਜਿਸਟਰੇਟ ਪਾਤੜਾਂ ਨੂੰ ਨਿਲਾਮੀ ਕਰਵਾਉਣ ਸਬੰਧੀ ਇੱਕ ਵਾਰ ਫੇਰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਮਿੱਲ ਨੂੰ ਦੋ ਵਾਰ ਪਹਿਲਾਂ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਪ੍ਰਬੰਧਕ ਉੱਚ ਅਦਾਲਤ ਦਾ ਸਹਾਰਾ ਲੈ ਕੇ ਬੋਲੀ ਰੱਦ ਕਰਵਾਉਣ ਵਿੱਚ ਸਫਲ ਹੋਏ ਹਨ। ਹੁਣ ਵੀ ਪ੍ਰਬੰਧਕ ਚਾਰਾਜੋਈ ਕਰ ਰਹੇ ਹਨ। ਸਹਾਇਕ ਕੁਲੈਕਟਰ ਨੇ ਉਪ ਮੰਡਲ ਮਜਿਸਟਰੇਟ ਪਾਤੜਾਂ ਨੂੰ ਪੱਤਰ ਜਾਰੀ ਕੀਤਾ ਹੈ ਕਿ ਪਿਕਾਡਲੀ ਸ਼ੂਗਰ ਮਿੱਲ ਐਂਡ ਇੰਡਸਟਰੀ ਲਿਮਿਟਡ ਤੋਂ 9 ਕਰੋੜ ਦੇ ਕਰੀਬ ਗ੍ਰਾਮ ਪੰਚਾਇਤ ਹਰਿਆਊ ਖੁਰਦ ਨੂੰ ਵਸੂਲੀ ਕਰਾਉਣ ਲਈ ਜ਼ਮੀਨ ਦੀ ਬੋਲੀ ਕਰਵਾਈ ਜਾਵੇ ਪਰ ਬਾਕੀਦਾਰ ਵੱਲੋਂ ਨਿਰਧਾਰਤ ਸਮੇਂ ਅੰਦਰ ਰਕਮ ਜਮ੍ਹਾਂ ਨਾ ਕਰਵਾਉਣ ’ਤੇ ਹਲਕਾ ਪਟਵਾਰੀ ਪਾਸੋਂ ਰਿਪੋਰਟ ਪ੍ਰਾਪਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਹਰਿਆਊ ਖੁਰਦ ਨੇ 1999 ਵਿੱਚ ਜ਼ਮੀਨ ਦਾ ਯੋਗ ਭਾਅ ਨਾ ਮਿਲਣ ਸਬੰਧੀ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ। ਅਦਾਲਤ ਨੇ 2019 ਵਿੱਚ ਫ਼ੈਸਲਾ ਪੰਚਾਇਤ ਦੇ ਹੱਕ ਵਿੱਚ ਸੁਣਾਇਆ ਸੀ। ਅਦਾਲਤ ਦੇ ਹੁਕਮਾਂ ਤਹਿਤ ਉਕਤ ਵਸੂਲੀ ਲਈ ਪਿਕਾਡਲੀ ਸ਼ੂਗਰ ਮਿਲ ਐਂਡ ਅਲਾਇਡ ਇੰਡਸਟਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਨਿਰਧਾਰਤ ਕੀਤੀ ਰਾਸ਼ੀ ਜਮ੍ਹਾਂ ਨਾ ਕਰਵਾਉਣ ’ਤੇ ਇੰਡਸਟਰੀ ਦੀ 991 ਕਨਾਲ 16 ਮਰਲੇ ਜ਼ਮੀਨ ਵਸੂਲੀ ਲਈ ਅਟੈਚ ਕੀਤੀ ਗਈ ਹੈ। ਆਰਬੀਟਰੇਟਰ ਨੇ ਪਟੀਸ਼ਨ ਮਨਜ਼ੂਰ ਕਰਕੇ ਉਕਤ ਕੰਪਨੀ ਨੂੰ ਦੋ ਮਹੀਨਿਆਂ ’ਚ ਰਕਮ ਜਮ੍ਹਾਂ ਕਰਵਾਉਣ ਲਈ ਜਾਰੀ ਕੀਤੀ ਗਈ ਸੀ। ਹੁਣ 8 ਜੁਲਾਈ ਨੂੰ ਉਕਤ ਰਿਕਵਰੀ ਲਈ ਜ਼ਮੀਨ ਦੀ ਨਿਲਾਮੀ ਕਰਕੇ ਰਾਸ਼ੀ ਪੰਚਾਇਤ ਨੂੰ ਦਿੱਤੀ ਜਾਣੀ ਹੈ। ਬੋਲੀ ਦੇਣ ਵਾਲੇ ਨੂੰ ਬੋਲੀ ਤੋਂ ਪਹਿਲਾਂ ਇਕ ਲੱਖ ਰੁਪਏ ਜ਼ਮਾਨਤ ਵਜੋਂ ਜਮ੍ਹਾਂ ਕਰਵਾਉਣੇ ਹੋਣਗੇ। ਪਿਕਾਡਲੀ ਖੰਡ ਮਿਲ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਮਿੱਲ ਐਂਡ ਅਲਾਇਡ ਇੰਡਸਟਰੀ ਦੇ ਪ੍ਰਬੰਧਕਾਂ ਵੱਲੋਂ ਉਕਤ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੇ ਜਾਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।