ਪੱਤਰ ਪ੍ਰੇਰਕ
ਪਾਤੜਾਂ, 17 ਜੁਲਾਈ
ਪਿੰਡ ਰਸੌਲੀ ਦੇ ਧਾਲੀਵਾਲ ਪਰਿਵਾਰ ਨੇ ਹੜ੍ਹ ਵਿੱਚ ਜਾਨ ਜੋਖ਼ਮ ’ਚ ਪਾਕੇ ਲੋਕਾਂ ਨੂੰ ਬਚਾਉਣ ਵਿੱਚ ਰੁੱਝੇ ਕਿਸਾਨ ਭਰਾਵਾਂ ਨੂੰ ਸ਼ੁਤਰਾਣਾ ਦੀ ਅਨਾਜ ਮੰਡੀ ਵਿੱਚ ਝੋਨੇ ਦਾ ਤੀਹ ਕੁਇੰਟਲ ਬੀਜ ਮੁਫ਼ਤ ਵੰਡ ਕੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਘੱਗਰ ਦਰਿਆ ਦੇ ਪਾਣੀ ’ਚੋਂ ਲੰਘ ਕੇ ਝੋਨੇ ਦਾ ਬੀਜ ਵੰਡਣ ਆਏ ਜਗਸੀਰ ਸਿੰਘ ਧਾਲੀਵਾਲ ਅਤੇ ਦਿਲਬਾਗ ਸਿੰਘ ਸਿੱਧੂ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਵਿਚ ਆਈ ਕੁਦਰਤੀ ਆਫ਼ਤ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਕਿਸਾਨ ਤਾਂ ਇਕ ਵਾਰ ਝੋਨਾ ਲਾਉਣ ਵੇਲੇ ਕਰਜ਼ਾਈ ਹੋ ਜਾਂਦਾ ਹੈ ਪਰ ਹੁਣ ਦੁਬਾਰਾ ਝੋਨਾ ਲਾਉਣਾ ਆਮ ਕਿਸਾਨ ਦੇ ਵੱਸ ਦੀ ਗੱਲ ਨਹੀਂ । ਉਨ੍ਹਾਂ ਦੇ ਪਰਿਵਾਰ ਨੇ ਝੋਨੇ ਦਾ ਬੀਜ ਮੁਫ਼ਤ ਇਸ ਕਰਕੇ ਵੰਡਿਆ ਹੈ ਕਿ ਛੋਟੇ ਕਿਸਾਨ ਸ਼ਹਿਰਾਂ ਵਿੱਚ ਬੈਠੇ ਦੁਕਾਨਦਾਰਾਂ ਦੀ ਲੁੱਟ ਤੋਂ ਬਚ ਜਾਣ। ਉਨ੍ਹਾਂ ਐਲਾਨ ਕੀਤਾ ਹੈ ਕਿ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣਾ ਕਿਸਾਨਾਂ ਦੀ ਜ਼ਰੂਰਤ ਹੈ ਹੜ੍ਹ ਨਾਲ ਪਸ਼ੂਆਂ ਦਾ ਹਰਾ ਚਾਰਾ ਖ਼ਰਾਬ ਹੋਣ ਨਾਲ ਕਿਸਾਨ ਦੀ ਮੁਸ਼ਕਲ ਵੱਧ ਗਈ ਹੈ ਉਹ ਇਸ ਦੇ ਹੱਲ ਲਈ ਹੁਣ ਕਿਸਾਨਾਂ ਨੂੰ ਮਹੀਨੇ ਦੀ ਆਖਰੀ ਤਰੀਕ ਤੱਕ ਦਸ ਕਿਲੋ ਜਵਾਰ ਦਾ ਬੀਜ ਮੁਫ਼ਤ ਦੇਣਗੇ। ਇਹ ਬੀਜ ਕਿਸਾਨ ਪੰਜਾਬ ਐਗਰੋ ਸੇਲਜ਼ ਖਰਕਾਂ ਤੋਂ ਬਿਨਾਂ ਕਿਸੇ ਪਛਾਣ ਪੱਤਰ ਲੈ ਸਕਦੇ ਹਨ। ਝੋਨੇ ਦਾ ਬੀਜ ਵੰਡਣ ਮੌਕੇ ਦਿਲਬਾਗ ਸਿੰਘ ਸਿੱਧੂ, ਜਗਸੀਰ ਸਿੰਘ ਧਾਲੀਵਾਲ, ਥਾਣਾ ਮੁਖੀ ਸ਼ੁਤਰਾਣਾ ਮਨਪ੍ਰੀਤ ਸਿੰਘ, ਵਿਕਾਸ ਕੈਂਥਲ, ਬਲਰਾਜ ਸਿੰਘ ਬਰਟਾ, ਗੁਰਚਰਨ ਸਿੰਘ, ਜਸਕਰਨ ਸਿੰਘ, ਜੁਗਰਾਜ ਸਿੰਘ ਬਾਠ ਆਦਿ ਹਾਜ਼ਰ ਸਨ।
ਬ੍ਰਿਟਾਨੀਆ ਨੇ ਬਿਸਕੁਟ ਤੇ ਰਸਾਂ ਦੇ ਦੋ ਟਰੱਕ ਡੀ.ਸੀ ਨੂੰ ਸੌਂਪੇ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਦੀ ਪ੍ਰੇਰਨਾ ਅਤੇ ਬ੍ਰਿਟਾਨੀਆ ਕੰਪਨੀ ਦੇ ਸੀਈਓ ਰਾਜਨੀਤ ਸਿੰਘ ਕੋਹਲੀ ਦੇ ਉਦਮ ਸਦਕਾ ਅੱਜ ਪਟਿਆਲਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਜ਼ ਨੂੰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਦੋ ਟਰੱਕ ਬਿਸਕੁਟ ਅਤੇ ਰਸਾਂ ਦੇ ਭੇਜੇ ਗਏ। ਇਹ ਟਰੱਕ ਇੱਥੇ ਰੈੱਡ ਕਰਾਸ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਸਪੁਰਦ ਕੀਤੇ ਗਏ। ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਟਰੱਕ ਅੱਜ ਇਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਸਪੁਰਦ ਕੀਤਾ ਗਿਆ ਹੈ। ਜਦਕਿ ਦੂਸਰਾ ਟਰੱਕ ਮਾਨਸਾ ਦੇ ਡਿਪਟੀ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੂੰ ਸੌਂਪਿਆ।