ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
18 ਤੋਂ 20 ਸਤੰਬਰ ਤੱਕ ਚਲਾਈ ਜਾ ਰਹੀ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਅੱਜ ਜ਼ਿਲ੍ਹੇ ਭਰ ’ਚ ਹਜ਼ਾਰਾਂ ਹੀ ਬੱੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ। ਜਿਸ ਦਾ ਰਸਮੀ ਉਦਘਾਟਨ ਸਿਵਲ ਸਰਜਨ ਡਾ. ਰਾਜੂ ਧੀਰ ਨੇ ਕੀਤਾ। ਜਿਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲਾ, ਡਾ. ਸੁਮੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹਡੇ ਬੱਚੇ ਇਸ ਦਵਾਈ ਤੋਂ ਵਾਂਝੇ ਰਹਿ ਗਏ ਹਨ, ਨੂੰ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਘਰ ਘਰ ਜਾ ਕੇ ਇਹ ਦਵਾਈ ਪਿਲਾਈ ਜਾਵੇਗੀ।ਇਸ ਸਬੰਧੀ ਬਾਕਾਇਦਾ ਮੁਬਾਈਲ ਟੀਮਾ ਵੀ ਬਣਾਈਆਂ ਹੋਈਆਂ ਹਨ।
ਉਧਰ, ਮੁਢਲਾ ਸਿਹਤ ਕੇਂਦਰ ਕੌਲੀ ਦੇ ਐਸ.ਐੱਮ.ਓ ਡਾ: ਰੰਜਨਾ ਸ਼ਰਮਾ ਦੀ ਅਗਵਾਈ ਹੇਠ 20,317 ਬੱਚਿਆਂ ਨੂੰ ਇਹ ਦਵਾਈ ਪਿਲਾਉਣ ਲਈ 94 ਥਾਵਾਂ ਤੇ ਬੂਥ, 2 ਟਰਾਂਜਿਟ ਪੁਆਇੰਟ ਅਤੇ 1 ਮੋਬਾਈਲ ਟੀਮ ਵੱਲੋਂ 5 ਸਾਲ ਤੱਕ ਤੱਕ ਦੇ 12 598 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ। ਬਲਾਕ ਐਕਸਟੈਂਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਐਸ.ਐੱਮ.ਓ ਡਾ. ਰੰਜਨਾ ਸ਼ਰਮਾ ਤੇ ਮੈਡੀਕਲ ਅਫਸਰ ਡਾ. ਮੁਹੰਮਦ ਸਾਜਿਦ ਵੱਲੋਂ ਅੱਜ ਪਿੰਡ ਬੀੜ ਕੌਲੀ ਬੱਸ ਅੱਡਾ ਟਰਾਂਜਿਟ ਪੁਆਇੰਟ ਤੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕਰਕੇ ਕਮਾਂਡੋ ਕੰਪਲੈਕਸ ਟਰਾਂਜਿਟ ਪੁਆਇੰਟ, ਪਿੰਡ ਦੌਣ ਕਲਾਂ, ਸਬ-ਸੈਂਟਰ ਬਹਾਦਰਗੜ੍ਹ ’ਤੇ ਲਗਾਏ ਬੂਥਾਂ ਉਤੇ ਜਾ ਕੇ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। 19 ਤੇ 20 ਸਤੰਬਰ ਨੂੰ ਪੋਲੀਓ ਬੂੰਦਾਂ ਪੀਣ ਤੋਂ ਰਹਿੰਦੇ ਬੱਚਿਆਂ ਨੂੰ ਟੀਮਾਂ ਵੱਲੋਂ ਘਰ-ਘਰ ਜਾ ਕੇ ਕਵਰ ਕੀਤਾ ਜਾਵੇਗਾ, ਜਦੋਂਕਿ 1 ਮੋਬਾਈਲ ਟੀਮ ਝੁੱਗੀਆਂ-ਝੌਪੜੀਆਂ, ਭੱਠਿਆਂ, ਪਥੇਰਾਂ, ਉਦਯੋਗਿਕ ਏਰੀਆ, ਨਵੀਂ ਉਸਾਰੀ ਅਧੀਨ ਇਮਾਰਤਾਂ ’ਤੇ ਕੰਮ ਕਰਦੀ ਲੇਬਰ ਦੇ ਬੱਚਿਆਂ ਨੂੰ ਕਵਰ ਕਰੇਗੀ। ਟੀਮਾਂ ਵੱਲੋਂ ਕੀਤੇ ਕੰਮਾਂ ਦੀ ਨਿਗਰਾਨੀ ਕਰਨ ਦੇ ਲਈ ਕੁੱਲ 19 ਸੁਪਰਵਾਈਜਰ ਲਗਾਏ ਗਏ ਹਨ।
ਇਸ ਮੌਕੇ ਸਿਹਤ ਕੇਂਦਰ ਕੌਲੀ ਤੋਂ ਐਲ.ਐਚ.ਵੀ ਪੂਨਮ ਵਾਲੀਆ, ਮਿੰਨੀ ਪੀ.ਐਚ.ਸੀ ਹਸਨਪੁਰ ਤੋਂ ਪਰਮਜੀਤ ਕੌਰ, ਕੱਲਰਭੈਣੀ ਤੋਂ ਸਿੰਮੀ ਰਾਣੀ, ਕਲਿਆਣ ਤੋਂ ਮਲਕੀਤ ਕੌਰ ਤੇ ਗੱਜੂਮਾਜਰਾ ਤੋਂ ਐਸ.ਆਈ ਜ਼ੋਰਾ ਸਿੰਘ ਵੱਲੋਂ ਆਪਣੇ-ਆਪਣੇ ਕੋਲਡ ਚੇਨ ਪੁਆਇੰਟਾਂ ਤੋਂ ਫੀਲਡ ਵਰਕਰਾਂ ਨੂੰ ਪੋਲੀਓ ਵੈਕਸੀਨ ਜਾਰੀ ਕੀਤੀ ਗਈ।