ਖੇਤਰੀ ਪ੍ਰਤੀਨਿਧ
ਪਟਿਆਲਾ, 22 ਦਸੰਬਰ
ਬਲਬੇੜਾ ਵਿੱਚ ਪਿਛਲੇ ਦਿਨੀਂ ਕਾਰ ਵਿੱਚੋਂ 8.50 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਘਟਨਾ ਵਿੱਚ ਪੀੜਤ ਵਿਅਕਤੀ ਦੀ ਮਾਸੀ ਦੀ ਕੁੜੀ ਵੀ ਸ਼ਾਮਲ ਹੈ। ਇਹ ਜਾਣਕਾਰੀ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਵਾਸੀ ਮਲਕੀਤ ਸਿੰਘ ਟਿੰਕਾ ਜਦੋਂ ਆਪਣੇ ਕਿਸੇ ਜਾਣਕਾਰ ਨੂੰ 8.50 ਲੱਖ ਰੁਪਏ ਦੇਣ ਜਾ ਰਿਹਾ ਸੀ। ਉਸ ਦੀ ਮਾਸੀ ਦੀ ਧੀ ਅਮਰਜੀਤ ਕੌਰ ਵਾਸੀ ਚੀਕਾ ਵੀ ਉਸ ਦੇ ਨਾਲ ਸੀ। ਇਸ ਦੌਰਾਨ ਅਮਰਜੀਤ ਕੌਰ ਨੇ ਆਪਣੇ ਜਾਣਕਾਰ ਗੁਰਜੀਤ ਸਿੰਘ ਸੋਨੂੰ ਫ਼ੌਜੀ ਨਾਲ ਮਿਲ ਕੇ ਪਹਿਲਾਂ ਤੋਂ ਰਚੀ ਸਾਜ਼ਿਸ਼ ਤਹਿਤ ਅਕਾਲ ਅਕੈਡਮੀ ਬਲਬੇੜਾ ਵਿੱਚ ਬੱਚਿਆਂ ਦੀ ਫੀਸ ਭਰਨ ਦੇ ਬਹਾਨੇ ਨਾਲ ਉਸ ਨੂੰ ਬਲਬੇੜਾ ਸਥਿਤ ਇੱਕ ਅਕੈਡਮੀ ਕੋਲ ਰੋਕ ਲਿਆ। ਉਹ ਜਦੋਂ ਅਕੈਡਮੀ ਦੇ ਅੰਦਰ ਚਲੇ ਗਏ, ਤਾਂ ਪਿੱਛੋਂ ਸੋਨੂੰ ਨੇ ਆਪਣੇ ਦੋ ਹੋਰ ਜਾਣਕਾਰਾਂ ਲਖਦੀਪ ਲੱਖੀ ਅਤੇ ਰਸ਼ਪਿੰਦਰ ਸਿੰਘ ਵਾਸੀਆਨ ਅਰਨੋ ਨਾਲ ਮਿਲ ਕੇ ਕਾਰ ਦਾ ਸ਼ੀਸ਼ਾ ਭੰਨ੍ਹ ਕੇ ਉਸ ਵਿਚੋਂ 8.25 ਲੱਖ ਰੁਪਏ ਚੋਰੀ ਕਰ ਲਏ। ਪੁਲੀਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸਮੁੱਚੇ ਘਟਨਾਕ੍ਰਮ ਤੋਂ ਪਰਦਾ ਚੁੱਕਿਆ ਗਿਆ। ਇਸ ਸਬੰਧੀ ਅਮਰਜੀਤ ਕੌਰ, ਫੌਜੀ ਗੁਰਜੀਤ ਸਿੰਘ ਅਤੇ ਲਖਦੀਪ ਲੱਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਕਬਜੇ ਵਿਚੋਂ 6.40 ਲੱਖ ਰੁਪਏ ਅਤੇ ਇੱਕ ਏਅਰ ਪਿਸਟਲ ਵੀ ਬਰਾਮਦ ਕੀਤੀ ਗਈ ਹੈ।