ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਪਰੈਲ
ਚੰਦ ਹੀ ਦਿਨ ਪਹਿਲਾਂ ਨੇੜਲੇ ਪਿੰਡ ਕਲਿਆਣ ਵਿਚਲੀ ਐੱਸਬੀਆਈ ਬੈਂਕ ਦੀ ਬ੍ਰਾਂਚ ਲੁੱਟਣ ਦੀ ਅਸਫਲ ਕੋਸ਼ਿਸ਼ ਦੀ ਘਟਨਾ ਨੂੰ ਸਥਾਨਕ ਪੁਲੀਸ ਨੇ ਸੁਲ਼ਝਾ ਲਿਆ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦੀ ਭਾਲ ਹੈ। ਐੱਸਪੀ ਸਿਟੀ ਵਰੁਣ ਸ਼ਰਮਾ ਦੀ ਅਗਵਾਈ ਅਤੇ ਡੀਐੱਸਪੀ ਸਿਟੀ 1 ਯੋਗੇਸ਼ ਸ਼ਰਮਾ ਦੀ ਰਹਿਨੁਮਾਈ ਹੇਠਾਂ ਥਾਣਾ ਬਖਸ਼ੀਵਾਲਾ ਦੇ ਐੱਸਐੱਚਓ ਕਰਨਬੀਰ ਸੰਧੂ ਅਤੇ ਪੁਲੀਸ ਚੌਕੀ ਸੈਂਚੁਰੀ ਇਨਕਲੇਵ ਦੇ ਇੰਚਾਰਜ ਐੱਸਆਈ ਪ੍ਰਿਤਪਾਲ ਸਿੰਘ ਨੇ ਵੀ ਮੁਲਜ਼ਮਾਂ ਦੀ ਸ਼ਨਾਖਤ ਕਰਨ ਲਈ ਜ਼ੋਰ ਅਜਮਾਈ ਕੀਤੀ, ਪਰ ਆਧੁਨਿਕ ਤਕਨੀਕ ਦੇ ਮਾਹਿਰ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਵੀ ਇਸ ਕੇਸ ਨੂੰ ਹੱਲ ਕਰਨ ’ਚ ਨਿੱਜੀ ਦਿਲਚਸਪੀ ਵਿਖਾਈ। ਡੀਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾ ਵਿਚ ਜਸਪ੍ਰੀਤ ਸਿੰਘ ਜੱਸਾ ਅਤੇ ਕਿਰਪਾਲ ਸਿੰਘ ਕਾਲੀ ਵਾਸੀ ਪਿੰਡ ਕਲਿਆਣ ਸਮੇਤ ਰੋਹਿਤ ਕੁਮਾਰ ਵਾਸੀ ਅਬਲੋਵਾਲ ਦੇ ਨਾਲ਼ ਸ਼ਾਮਲ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਪਰਮਿੰਦਰ ਸਿੰਘ ਮੋਘਾ ਵਾਸੀ ਕਲਿਆਣ ਅਤੇ ਗੁਰਦਿੱਤ ਸਿੰਘ ਗੀਤੀ ਵਾਸੀ ਨਜੂਲ ਕਲੋਨੀ ਪਟਿਆਲਾ ਫ਼ਰਾਰ ਹਨ। ਗ੍ਰਿਫਤਾਰ ਮੁਲਜ਼ਮਾਂ ਕੋਲ਼ੋਂ ਵਾਰਦਾਤ ਸਮੇਂ ਵਰਤੇ ਗਏ ਔਜ਼ਾਰ ਵੀ ਬਰਾਮਦ ਕਰ ਲਏ ਗਏ ਹਨ। ਉਹ ਸਬੂਤ ਮਿਟਾਉਣ ਲਈ ਜਾਂਦੇ ਹੋਏ ਬੈਂਕ ਦੇ ਸੀਸੀਟੀਵੀ ਕੈਮਰੇ ਅਤੇ ਹਾਰਡ ਡਿਸਕ ਵੀ ਨਾਲ਼ ਲੈ ਗਏ ਸਨ, ਜੋ ਵੀ ਪੁਲੀਸ ਨੇ ਬਰਾਮਦ ਕਰ ਲਏ ਹਨ।