ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 17 ਅਕਤੂਬਰ
ਇੱਥੋਂ ਥੋੜ੍ਹੀ ਦੂਰ ਪਿੰਡ ਪੁਰ ਤੋਂ ਹਡਾਣਾ ਵਿੱਚ ਸਿੰਜਾਈ ਨਹਿਰ ਘੜਾਮ ਮਾਈਨਰ ’ਚ ਪਿਛਲੇ ਕੁਝ ਦਿਨਾਂ ਤੋਂ ਮਰੇ ਹੋਏ ਮੁਰਗਿਆਂ ਦੇ ਭਰੇ ਹੋਏ ਥੈਲੇ ਵੱਡੀ ਗਿਣਤੀ ਵਿੱਚ ਪਏ ਦੇਖੇ ਗਏ, ਜੋ ਨਹਿਰ ਦੇ ਬਾਹਰ ਕੰਢਿਆਂ ਅਤੇ ਨਹਿਰ ਵਿੱਚ ਚੱਲ ਰਹੇ ਸਾਫ ਪਾਣੀ ਵਿੱਚ ਸੁੱਟੇ ਹੋਏ ਹਨ।
ਇਸ ਸਬੰਧੀ ਪਿੰਡ ਹਡਾਣਾ ਵਾਸੀ ਤੇ ਹਲਕਾ ਸਨੌਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ’ਚ ਮਰੇ ਹੋਏ ਮੁਰਗੇ ਤੇ ਪੋਲਟਰੀ ਰਹਿੰਦ-ਖੂੰਹਦ ਦੇ ਭਰੇ ਹੋਏ ਥੈਲੇ ਪਿੰਡ ਪੁਰ ਵਾਲੀ ਪੁਲੀ ਤੋਂ ਲੈ ਕੇ ਪਿੰਡ ਹਡਾਣਾ ਤੱਕ ਥਾਂ ਥਾਂ ’ਤੇ ਨਹਿਰ ਦੇ ਸਾਈਫਨਾਂ ’ਚ ਫਸੇ ਹੋਏ ਹਨ ਜੋ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਨ ਅਤੇ ਨੇੜਲੇ ਪਿੰਡਾਂ ਵਿੱਚ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਰਸਤੇ ’ਚ ਇੰਨੀ ਬਦਬੂ ਫੈਲੀ ਹੋਈ ਹੈ ਜਿਸ ਕਾਰਨ ਇੱਥੋਂ ਲੰਘਣਾ ਵੀ ਔਖਾ ਹੋਇਆ ਪਿਆ ਹੈ ਅਤੇ ਪਿੰਡ ਵਾਸੀ ਬਹੁਤ ਦੁਖੀ ਹਨ।
ਉਨ੍ਹਾਂ ਇਸ ਸਬੰਧੀ ਨਹਿਰੀ ਵਿਭਾਗ ਅਤੇ ਪੁਲੀਸ ਨੂੰ ਵੀ ਇਤਲਾਹ ਕੀਤੀ ਹੈ। ਪਿੰਡ ਵਾਸੀਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਭਾਲ ਕਰਕੇ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵਿਅਕਤੀ ਇਸ ਤਰ੍ਹਾਂ ਵਾਤਾਵਰਨ ਨੂੰ ਦੂਸ਼ਿਤ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ। ਇਸ ਮੌਕੇ ਮਹਿੰਦਰ ਸਿੰਘ ਨੰਬਰਦਾਰ ਧਿਆਨ ਸਿੰਘ, ਜੋਗਿੰਦਰ ਸਿੰਘ, ਮਸਤਾਨ ਸਿੰਘ, ਬਲਕਾਰ ਸਿੰਘ, ਸੁਰੇਸ਼ ਪੰਡਿਤ, ਨਿਰਮਲ ਸਿੰਘ, ਕਾਕਾ ਸਿੰਘ, ਸੁਰਜੀਤ ਸਿੰਘ ਅਤੇ ਰਾਮ ਨਾਥ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ।