ਪੱਤਰ ਪ੍ਰੇਰਕ
ਦੇਵੀਗੜ੍ਹ, 10 ਦਸੰਬਰ
ਨੇੜਲੇ ਪਿੰਡ ਬਡਲਾ ਵਿੱਚ ਪੋਲਟਰੀ ਫਾਰਮ ਦੇ ਮਾਲਕ ਵੱਲੋਂ ਮਰੀਆਂ ਮੁਰਗੀਆਂ ਦੇ ਚੂਚਿਆਂ ਨੂੰ ਘੱਗਰ ਦੇ ਕੰਢੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਇਲਾਕੇ ਵਿੱਚ ਗੰਦਗੀ ਫੈਲਣ ਦਾ ਡਰ ਹੈ। ਬਡਲਾ ਦੇ ਨੰਬਰਦਾਰ ਹਾਕਮ ਸਿੰਘ ਨੇ ਪੋਲਟਰੀ ਫਾਰਮ ਦੇ ਮਾਲਕ ਸੁਖਜਿੰਦਰ ਸਿੰਘ ਗੋਲਡੀ ਸਿੰਘ ’ਤੇ ਦੋਸ਼ ਲਾਇਆ ਹੈ ਕਿ ਉਹ ਆਪਣੇ ਪੋਲਟਰੀ ਫਾਰਮ ਵਿਚ ਜੋ ਮੁਰਗੀਆਂ ਅਤੇ ਚੂਚੇ ਮਰ ਜਾਦੇ ਹਨ, ਉਨ੍ਹਾਂ ਨੂੰ ਘੱਗਰ ਦਰਿਆ ਦੇ ਕੰਢੇ ਖੁੱਲ੍ਹੇ ਅਸਮਾਨ ਥੱਲੇ ਹੀ ਸੁੱਟ ਦਿੰਦਾ ਹੈ। ਇਸ ਕਾਰਨ ਆਸ ਪਾਸ ਦੇ ਇਲਾਕੇ ਵਿੱਚ ਬਦਬੂ ਫੈਲਦੀ ਹੈ ਅਤੇ ਮੁਰਗੀਆਂ ਦੇ ਖੰਭ ਅਤੇ ਮਾਸ ਦੇ ਟੁਕੜੇ ਉਨ੍ਹਾਂ ਦੇ ਖੇਤਾਂ ਵਿੱਚ ਕੁੱਤੇ ਅਤੇ ਪੰਛੀ ਖਿਲਾਰ ਦਿੰਦੇ ਹਨ। ਇਸ ਸਬੰਧੀ ਉਸ ਨੇ ਡਿਪਟੀ ਕਮਿਸ਼ਨਰ ਪਟਿਆਲਾ, ਸੀਨੀਅਰ ਪੁਲੀਸ ਕਪਤਾਨ ਪਟਿਆਲਾ, ਡੀਐੱਸਪੀ ਦਿਹਾਤੀ ਪਟਿਆਲਾ ਨੂੰ ਵੀ ਦਰਖਾਸਤਾਂ ਦਿੱਤੀਆਂ ਹੋਈਆਂ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਪੰਚਾਇਤ ਅਤੇ ਕਈ ਪਿੰਡ ਵਾਸੀਆਂ ਨੇ ਵੀ ਉਚ ਅਧਿਕਾਰੀਆਂ ਨੂੰ ਲਿਖਤੀ ਦੱਸਿਆ ਗਿਆ ਹੈ। ਪੋਲਟਰੀ ਫਾਰਮ ਦੇ ਮਾਲਕ ਸੁਖਜਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੁਰਗੀਖਾਨਾ ਪਿੰਡ ਤੋਂ ਦੂਰ ਹੈ ਫਿਰ ਵੀ ਅਸੀਂ ਪਿੰਡ ਦੀ ਬਿਹਤਰੀ ਲਈ ਮਰੀਆਂ ਮੁਰਗੀਆਂ ਲਈ ਖੂਹੀ ਪੁਟਵਾ ਲਈ ਹੈ ਅਤੇ ਅੱਗੇ ਤੋਂ ਖੂਹੀ ਵਿੱਚ ਹੀ ਮਰੇ ਮੁਰਗੇ ਸੁੱਟੇ ਜਾਣਗੇ ਅਤੇ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।