ਅਸ਼ਵਨੀ ਗਰਗ
ਸਮਾਣਾ, 1 ਮਾਰਚ
ਇੱਥੇ ਪੰਜਾਬੀ ਬਾਗ ਕਲੋਨੀ ਵਿੱਚ ਨਗਰ ਕੌਂਸਲ ਵੱਲੋਂ ਬਣਾਈ ਜਾ ਰਹੀ ਸੜਕ ’ਤੇ ਕਥਿਤ ਤੌਰ ’ਤੇ ਮਿੱਟੀ ਵਿੱਚ ਹੀ ਟਾਈਲਾਂ ਲਗਾਈਆਂ ਗਈਆਂ। ਲੋਕਾਂ ਨੇ ਠੇਕੇਦਾਰ ’ਤੇ ਘਪਲੇ ਦਾ ਦੋਸ਼ ਲਗਾਇਆ। ਇਸ ਮੌਕੇ ਲੋਕਾਂ ਨੇ ਠੇਕੇਦਾਰ ਤੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਦਾ ਕੰਮ ਰੁਕਵਾ ਦਿੱਤਾ। ਮੌਕੇ ’ਤੇ ਪੁੱਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ’ਤੇ ਹੋ ਰਹੇ ਸਾਰੇ ਕੰਮਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਗਲਤ ਕੀਤੇ ਕੰਮਾਂ ਨੂੰ ਮੁੜ ਕਰਵਾਇਆ ਜਾਵੇਗਾ।
ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਨਾ ਤਾਂ ਸੜਕ ਬਣਾਉਣ ਸਮੇਂ ਸੜਕ ਦੀ ਲੇਬਲਿੰਗ ਕੀਤੀ ਗਈ ਤੇ ਨਾ ਟਾਈਲਾਂ ਲਗਾਉਣ ਤੋਂ ਪਹਿਲਾਂ ਰੇਤ ਤੇ ਗਟਕਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੇ ਵੱਡੇ ਪੱਧਰ ’ਤੇ ਘਪਲਾ ਕਰਦਿਆਂ ਮਿੱਟੀ ਪਾ ਕੇ ਹੀ ਟਾਈਲਾਂ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਮੀਂਹ ਨਾਲ ਹੀ ਇਹ ਮਿੱਟੀ ਨਿੱਕਲ ਜਾਵੇਗੀ ਤੇ ਸੜਕ ਫ਼ਿਰ ਟੁੱਟ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਕੰਮ ਰੁਕਵਾਉਣਾ ਪਿਆ।
ਇਸ ਬਾਰੇ ਜਦੋਂ ਨਗਰ ਕੌਂਸਲ ਸਮਾਣਾ ਦੇ ਕਾਰਜਸਾਧਕ ਅਧਿਕਾਰੀ ਮੁਕੇਸ਼ ਸਿੰਗਲਾ ਨਾਲ ਗੱਲ ਕਰਨ ਦਾ ਯਤਨ ਕੀਤਾ ਗਿਆ ਤਾਂ ਕਈ ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।