ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ਵਿੱਚ ਸੱਪ ਨਿਕਲਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਣ ਕਾਰਨ ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਦੀ ਡਿਊਟੀ ਲਗਾਈ ਹੈ। ਡੀਐਫਓ ਨੀਰਜ ਗੁਪਤਾ ਨੇ ਕਿਹਾ ਕਿ ਸੱਪ ਮਾਰਨਾ ਕਾਨੂੰਨੀ ਜੁਰਮ ਹੈ ਜਿਸ ਕਰਕੇ ਜੇਲ੍ਹ ਜਾਣਾ ਪੈ ਸਕਦਾ ਹੈ, ਇਸ ਲਈ ਸੱਪ ਨੂੰ ਮਾਰਨ ਦੀ ਥਾਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਵੱਲੋਂ ਰੈਪਿਡ ਰਿਸਪੌਂਸ ਟੀਮ ਗਠਿਤ ਕਰਦੇ ਹੋਏ ਹੈਲਪਲਾਈਨ ਨੰਬਰ 82539-00002 ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁੱਤਿਆਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਬਚਾਉਣ ਲਈ ਵਿਸ਼ੇਸ਼ ਡਿਊਟੀਆਂ ਲੱਗੀਆਂ ਹਨ। ਡੀਐੱਫਓ ਨੇ ਕਿਹਾ ਕਿ ਲੋਕ ਘਰਾਂ ਵਿੱਚ ਸੱਪ ਨਿਕਲਣ ’ਤੇ ਘਬਰਾ ਕੇ ਆਪਣਾ ਜਾਂ ਸੱਪ ਦਾ ਨੁਕਸਾਨ ਕਰਨ ਦੀ ਥਾਂ ਹੈਲਪਲਾਈਨ ਨੰਬਰ ’ਤੇ ਫ਼ੋਨ ਕਰਕੇ ਸੱਪ ਨੂੰ ਰੈਸਕਿਊ ਕਰਵਾਉਣ। ਉਨ੍ਹਾਂ ਦੱਸਿਆ ਕਿ ਪਟਿਆਲਾ ਖੇਤਰ ਵਿੱਚ ਬਹੁਤ ਹੀ ਘੱਟ ਗਿਣਤੀ ਜ਼ਹਿਰੀਲੇ ਸੱਪ ਹਨ, ਇਸ ਲਈ ਸਨੇਕ ਬਾਈਟ ਹੋਣ ਉੱਤੇ ਘਬਰਾਉਣ ਦੀ ਥਾਂ ਤੁਰੰਤ ਰਾਜਿੰਦਰਾ ਹਸਪਤਾਲ ਜਾਂ ਨੇੜਲੇ ਸਿਹਤ ਕੇਂਦਰ ਪਹੁੰਚ ਕੇ ਇਲਾਜ ਕਰਵਾਉਣ।
ਸਨੇਕ ਹੈਲਪਲਾਈਨ ਨੰਬਰ ਦੇ ਰਿਸਪੌਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨਾਲ 94635-96843 ਨੰਬਰ ’ਤੇ ਸੰਪਰਕ ਕਰ ਸਕਦੇ ਹਨ।