ਪੱਤਰ ਪ੍ਰੇਰਕ
ਪਟਿਆਲਾ, 6 ਜੁਲਾਈ
ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਭਵਨ ਵਿੱਚ ਕੁੱਲ ਹਿੰਦ ਉਰਦੂ ਮੁਸ਼ਾਇਰਾ ਅਤੇ ਬਾਬਾ ਫ਼ਰੀਦ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਅਦੀਬਾਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕੀਤਾ ਗਿਆ ਅਤੇ ਇਸ ਮਗਰੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਰਦੂ ਦੇ ਸ਼ਾਇਰ ਡਾ. ਨਾਸ਼ਿਰ ਨਕਵੀ ਨੇ ਕਿਹਾ ਕਿ ਬਾਬਾ ਫ਼ਰੀਦ ਗਿਆਨ ਦਾ ਛੇਵਾਂ ਦਰਿਆ ਹਨ ਅਤੇ ਪਿਛਲੇ 850 ਸਾਲਾਂ ਤੋਂ ਉਨ੍ਹਾਂ ਦੇ ਕਲਾਮ ਪੰਜਾਬੀਆਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ।
ਸੈਮੀਨਾਰ ਵਿੱਚ ਬਾਬਾ ਫ਼ਰੀਦ ਦੇ ਕਲਾਮ ਦੇ ਪਹਿਲੂਆਂ ਸਬੰਧੀ ਜਨਾਬ ਜ਼ਾਹਿਦ ਅਬਰੋਲ ਊਨਾ ਹਿਮਾਚਲ ਪ੍ਰਦੇਸ਼ ਨੇ ਵੀ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਮੰਡਲ ਵਿੱਚ ਡਾ. ਨਫ਼ਸ ਅੰਬਾਲਵੀ, ਜਨਾਬ ਅਫ਼ਜ਼ਲ ਮੰਗਲੋਰੀ ਅਤੇ ਸਰਦਾਰ ਪੰਛੀ ਆਦਿ ਸ਼ਖ਼ਸੀਅਤਾਂ ਸ਼ਾਮਲ ਰਹੀਆਂ। ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕੁੱਲ ਹਿੰਦ ਮੁਸ਼ਾਇਰਾ ਵੀ ਕਰਵਾਇਆ ਗਿਆ ਜਿਸ ਵਿੱਚ ਅਮਰਦੀਪ ਸਿੰਘ, ਪਟਿਆਲਾ, ਯਸ਼ ਨਕੋਦਰੀ, ਜਸਪ੍ਰੀਤ ਫ਼ਲਕ, ਮੁਕੇਸ਼ ਆਲਮ, ਖ਼ੁਸ਼ਬੂ ਰਾਮਪੁਰੀ, ਅੰਮ੍ਰਿਤਪਾਲ ਸਿੰਘ ਸ਼ੈਦਾ, ਸਲੀਮ ਮੰਗਲੋਰੀ, ਡਾ. ਸਲੀਮ ਜੂਬੈਰੀ, ਜਤਿੰਦਰ ਪਰਵਾਜ਼, ਪਠਾਨਕੋਟ, ਪੂਨਮ ਕੌਸਰ ਲੁਧਿਆਣਾ, ਸਵਤੰਤਰ ਦੇਵ ਆਰਿਫ਼, ਡਾ. ਮੁਹੰਮਦ ਰਫ਼ੀ, ਅਬਦੁਲ ਵਾਹਿਦ ਆਜਿਜ਼, ਨਫ਼ਸ ਅੰਬਾਲਵੀ, ਡਾ. ਰੁਬੀਨਾ ਸ਼ਬਨਮ, ਡਾ. ਮੋਇਨ ਸ਼ਾਦਾਬ, ਜਨਾਬ ਸਰਦਾਰ ਪੰਛੀ, ਅਫ਼ਜ਼ਲ ਮੰਗਲੋਰੀ ਉੱਘੇ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਵਿਭਾਗ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਸਾਰੇ ਸ਼ਾਇਰਾਂ ਦਾ ਪੁਸਤਕਾਂ ਦੇ ਬੰਡਲ ਅਤੇ ਫੁਲਕਾਰੀਆਂ ਦੇ ਕੇ ਸਨਮਾਨ ਕੀਤਾ ਗਿਆ।