ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਈ
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿੰਨ ਕਿਸਾਨ ਆਗੂਆਂ ਦੀ ਰਿਹਾਈ ਲਈ 17 ਦਿਨਾਂ ਤੋਂ ਸ਼ੰਭੂ ਰੇਲਵੇ ਸਟੇਸ਼ਨ ਕੋਲ ਰੇਲਵੇ ਟਰੈਕ ’ਤੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਵਪਾਰੀਆਂ ਦੇ ਕਾਰੋਬਾਰ ’ਤੇ ਅਸਰ ਪੈ ਰਿਹਾ ਹੈ, ਜਿਨ੍ਹਾਂ ਦਾ ਕਾਰੋਬਾਰ ਦਿੱਲੀ ਅਤੇ ਹੋਰ ਸ਼ਹਿਰਾਂ ਨਾਲ ਹੈ। ਇਸ ਸਬੰਧੀ ਅੱਜ ਪੰਜਾਬ ਅਤੇ ਹਰਿਆਣਾ ਦੇ ਵਪਾਰੀਆਂ ਨੇ ਇਸ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਪਾਰੀਆਂ ਦਾ ਕਹਿਣਾ ਸੀ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਵਪਾਰੀ ਵਰਗ ਵੀ ਕਿਸਾਨਾਂ ਦਾ ਹਮਾਇਤੀ ਹੈ ਪਰ ਕਿਸਾਨਾਂ ਦੇ ਰੇਲਵੇ ਟਰੈਕ ’ਤੇ ਧਰਨੇ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਬੰਨ੍ਹੇ ਕਿਸਾਨ ਆਗੂਆਂ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਤਿੰਨ ਕਿਸਾਨਾਂ ਦੀ ਰਿਹਾਈ ਲਈ ਹਕੂਮਤ ’ਤੇ ਦਬਾਅ ਪਾਉਣ ਤਾਂ ਕਿ ਇਹ ਧਰਨਾ ਚੁੱਕਿਆ ਜਾ ਸਕੇ। ਇਹ ਮੀਟਿੰਗ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਵਿਚਲੇ ਇੱਕ ਹੋਟਲ ’ਚ ਹੋਈ। ਇਸ ਮੀਟਿੰਗ ’ਚ ਕਾਕਾ ਸਿੰਘ ਕੋਟੜਾ, ਜਸਵਿੰਦਰ ਲੌਂਗੋਵਾਲ ਵੀ ਸ਼ਾਮਲ ਸਨ ਜਦਕਿ ਵਪਾਰੀ ਲੁਧਿਆਣਾ ਅਤੇ ਅੰਬਾਲਾ ਤੋਂ ਆਏ ਸਨ। ਇਸ ਦੀ ਪੁਸ਼ਟੀ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਹੈ।
ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਅਖੰਡ ਪਾਠ ਰਖਵਾਇਆ
ਕਿਸਾਨੀ ਧਰਨਿਆਂ ਦੀ ਕਾਮਯਾਬੀ ਲਈ ਕਿਸਾਨਾਂ ਨੇ ਅੱਜ ਸ਼ੰਭੂ ਬਾਰਡਰ ’ਤੇ ਅਖੰਡ ਪਾਠ ਸਾਹਿਬ ਵੀ ਰਖਵਾਇਆ ਜੋ ਧਰਨੇ ਦੇ ਵਿਚਕਾਰ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਅਤੇ ਹੋਰਾਂ ਦੀ ਅਗਵਾਈ ਹੇਠਾਂ ਰਖਵਾਇਆ ਗਿਆ ਜਿਸ ਦੇ ਭੋਗ 5 ਮਈ ਨੂੰ ਪਾਏ ਜਾਣਗੇ।