ਪੱਤਰ ਪ੍ਰੇਰਕ
ਰਾਜਪੁਰਾ, 29 ਅਗਸਤ
ਸਪੈਸ਼ਲ ਸੈੱਲ ਰਾਜਪੁਰਾ ਦੀ ਪੁਲੀਸ ਨੇ ਕਾਰ ਸਵਾਰ ਦੋ ਭਰਾਵਾਂ ਕੋਲੋਂ 3 ਕਿਲੋ 117 ਗ੍ਰਾਮ ਅਫ਼ੀਮ ਅਤੇ ਅੱਠ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਣ ’ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਜੀ ਐੱਸ ਸਿਕੰਦ ਨੇ ਦੱਸਿਆ ਕਿ ਸੈੱਲ ਦੀ ਮਹਿਲਾ ਸਬ-ਇੰਸਪੈਕਟਰ ਪ੍ਰਿਆਸੂ ਸਿੰਘ ਨੇ ਸਮੇਤ ਪੁਲੀਸ ਪਾਰਟੀ ਰਾਜਪੁਰਾ-ਅੰਬਾਲਾ ਜੀ ਟੀ ਰੋਡ ’ਤੇ ਮਿਡਵੇਅ ਢਾਬੇ ਨੇੜੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਕਾਰ ਸਵਾਰ ਦੋ ਸਕੇ ਭਰਾਵਾਂ ਅਜੇ ਕੁਮਾਰ ਅਤੇ ਸੰਜੀਵ ਕੁਮਾਰ ਵਾਸੀਆਨ ਪ੍ਰੇਮ ਸਿੰਘ ਕਲੋਨੀ ਨੇੜੇ ਰੇਲਵੇ ਸਟੇਸ਼ਨ ਰਾਜਪੁਰਾ ਕੋਲੋਂ ਤਿੰਨ ਕਿਲੋ 117 ਗ੍ਰਾਮ ਅਫੀਮ ਅਤੇ ਅੱਠ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ’ਤੇ ਥਾਣਾ ਸਿਟੀ ਦੀ ਪੁਲੀਸ ਨੇ ਸਬ ਇੰਸਪੈਕਟਰ ਪ੍ਰਿਆਸੂ ਸਿੰਘ ਦੀ ਸ਼ਿਕਾਇਤ ’ਤੇ ਦੋਵੇਂ ਭਰਾਵਾਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਦੋਵਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।