ਪਟਿਆਲਾ (ਖੇਤਰੀ ਪ੍ਰਤੀਨਿਧ): ਹਲਕਾ ਸਨੌਰ ਦੇ ਪਿੰਡ ਖ਼ਾਸਿਆਂ ਕੋਲ਼ ਵਾਪਰੇ ਸੜਕ ਹਾਦਸੇ ’ਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਰੇਸ਼ ਕੁਮਾਰ ਅਤੇ ਕਸ਼ਿਕ ਪਾਲ ਵਾਸੀਆਨ ਪਿੰਡ ਅਕੌਤ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਹ ਪਟਿਆਲਾ ’ਚ ਮਾਡਲ ਟਾਊਨ ਸਥਿਤ ਇੱਕ ਮਾਲ ਵਿੱਚ ਨੌਕਰੀ ਕਰਦੇ ਸਨ। ਅੱਜ ਸਵੇਰੇ ਜਦੋਂ ਉਹ ਦੋਵੇਂ ਮੋਟਰਸਾਈਕਲ ’ਤੇ ਪਟਿਆਲਾ ਵੱਲ ਆ ਰਹੇ ਸਨ ਤਾਂ ਪਿੰਡ ਖਾਂਸਿਆਂ ਕੋਲ਼ ਪੀਆਰਟੀਸੀ ਦੀ ਇੱੱਕ ਬੱਸ ਪਿੱੱਛੋਂ ਉਨ੍ਹਾਂ ਦੇ ਮੋਟਰਸਾਈਕਲ ’ਤੇ ਆ ਚੜ੍ਹੀ ਅਤੇ ਉਨ੍ਹਾਂ ਨੂੰ ਦੂਰ ਤੱਕ ਘਸੀਟ ਕੇ ਲੈ ਗਈ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੋਸਟ ਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਨਰੇਸ਼ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਲਕਾ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਦੋਵੇਂ ਨੌਜਵਾਨਾ ਦੀ ਮੌਤ ’ਤੇ ਗਹਿਰਾ ਦੁੱਖ ਜ਼ਾਹਿਰ ਕਰਦਿਆਂ, ਪੀੜਤ ਪਰਿਵਾਰਾਂ ਨਾਲ਼ ਹਮਦਰਦੀ ਪ੍ਰਗਟਾਈ ਹੈ।