ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਾਰਚ
ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਲਈ ਨਿਰਧਾਰਤ 10 ਮਾਰਚ ਨੇੜੇ ਆਉਂਦੀ ਦੇਖ ਉਮੀਦਵਾਰਾਂ ਦੇ ਦਿਲ ਦੀ ਧੜਕਣ ਤੇਜ਼ ਹੋਣ ਲੱਗੀ ਹਨ। ਉਮੀਦਵਾਰ ਧਾਰਮਿਕ ਸਥਾਨਾਂ ’ਤੇ ਜਾ ਕੇ ਆਪਣੀ ਜਿੱਤ ਲਈ ਮੰਨਤਾਂ ਮੰਗ ਰਹੇ ਹਨ। ਜ਼ਿਲ੍ਹੇ ਵਿੱਚ ਮੁੱਖ ਤੌਰ ’ਤੇ ਮੁਕਾਬਲਾ ‘ਆਪ’, ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰਾਂ ਦਰਮਿਆਨ ਹੀ ਰਿਹਾ। ਕਈ ਉਮੀਦਵਾਰਾਂ ਦੇ ਗਲੇ ਵਿੱਚੋਂ ਰੋਟੀ ਵੀ ਮਸਾਂ ਲੰਘ ਰਹੀ ਹੈ ਕਿਉਂਕਿ ਪਹਿਲਾਂ ਤਾਂ ਚੋਣ ਲੜਨ ਲਈ ਪੰਜ ਸਾਲ ਉਡੀਕ ਕਰਨੀ ਪੈਂਦੀ ਹੈ, ਫਿਰ ਟਿਕਟ ਲਈ ਕਈ ਦਾਅ ਪੇਚ ਲੜਾਉਂਣੇ ਪੈਂਦੇ ਹਨ। ਜ਼ਿਲ੍ਹੇ ਦੇ ਬਹੁਤੇ ਉਮੀਦਵਾਰਾਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਕਈ ਸਮਰਥਕਾਂ ਅਤੇ ਵਰਕਰਾਂ ਦਾ ਵਕਾਰ ਦਾ ’ਤੇ ਲੱਗਾ ਹੋਇਆ ਹੈ।
ਪਟਿਆਲਾ (ਸ਼ਹਿਰੀ) ਹਲਕੇ ਦੇ 1,61, 399 ਵੋਟਰਾਂ ਵਿੱਚੋਂ 1,02,617 (63.58 ਫ਼ੀਸਦੀ) ਨੇ ਵੋਟਾਂ ਪਾਈਆਂ। ਇਥੇ ਭਾਵੇਂ 17 ਉਮੀਦਵਾਰ ਹਨ ਪਰ ਕੈਪਟਨ ਅਮਰਿੰਦਰ ਸਿੰਘ ਕਰਕੇ ਮਹੱਤਵਪੂਰਣ ਹਲਕਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ‘ਆਪ’ ਦੇ ਅਜੀਤਪਾਲ ਕੋਹਲੀ ਵੱਲੋਂ ਟੱਕਰ ਦਿੱਤੀ ਸਮਝੀ ਜਾ ਰਹੀ ਹੈ। ਪਟਿਆਲਾ ਦਿਹਾਤੀ ਹਲਕਾ ਵਿੱਚ 1,46,942 (65.12 ਫ਼ੀਸਦੀ) ਵੋਟਾਂ ਪਾਈਆਂ। ਇੱਥੋਂ ਦੇ 19 ਉਮੀਦਵਾਰਾਂ ਨੇ ਚੋਣ ਲੜੀ, ਜਿਨ੍ਹਾਂ ਵਿੱਚੋਂ ਮੁੱਖ ਮੁਕਾਬਲਾ ਕਾਂਗਰਸ ਦੇ ਮੋਹਿਤ ਮਹਿੰਦਰਾ, ‘ਆਪ’ ਦੇ ਡਾ. ਬਲਬੀਰ ਅਤੇ ਅਕਾਲੀ ਉਮੀਦਵਾਰ ਬਿੱਟੂ ਚੱਠਾ ’ਚ ਰਿਹਾ। ਰਾਜਪੁਰਾ ਹਲਕੇ ’ਚ 74.82 ਫੀਸਦੀ ਪੋਲਿੰਗ ਹੋਈ। ਭਾਵੇਂ ਇੱਥੋਂ 10 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਪਰ ਮੁੱਖ ਮੁਕਾਬਲਾ ਕਾਂਗਰਸ ਦੇ ਹਰਦਿਆਲ ਕੰਬੋਜ, ਭਾਜਪਾ ਦੇ ਜਗਦੀਸ਼ ਜੱਗਾ ਅਤੇ ‘ਆਪ’ ਦੀ ਨੀਨਾ ਮਿੱਤਲ ਵਿਚਾਲੇ ਰਿਹਾ। ਕਾਂਗਰਸ ਦੇ ਮਦਨ ਲਾਲ ਜਲਾਲਪੁਰ ਅਤੇ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਕਰਕੇ ਹਲਕਾ ਘਨੌਰ ਵੀ ਖਿੱਚ ਦਾ ਕੇਂਦਰ ਰਿਹਾ। ਇਥੇ ਦਸ ਜਣਿਆਂ ਨੇ ਚੋਣ ਲੜੀ, ਜਿਨ੍ਹਾਂ ਵਿੱਚੋਂ ਅਕਾਲੀ, ਕਾਂਗਰਸ ਜਾਂ ਫਿਰ ‘ਆਪ’ ਉਮੀਦਵਾਰ ਗੁਰਲਾਲ ਸਿੰਘ ਦੇ ਜਿੱਤਣ ਦੀ ਸੰਭਾਵਨਾ ਹੈ। ਇਥੋਂ ਦੇ 1,64,546 ਵਿਚੋਂ 1,30,056 (79.04 ਫੀਸਦੀ) ਪੋਲਿੰਗ ਹੋਈ। ਹਲਕਾ ਸਨੌਰ ਵਿੱਚੋਂ 14 ਉਮੀਦਵਾਰ ਮੈਦਾਨ ਵਿੱਚ ਸਨ। ਇੱਥੋਂ ਅਕਾਲੀ ਦਲ ਦੇ ਹਰਿੰਦਰਪਾਲ ਚੰਦੂਮਾਜਰਾ, ਕਾਂਗਰਸ ਦੇ ਹੈਰੀਮਾਨ ਸਮੇਤ ‘ਆਪ’ ਦੇ ਹਰਮੀਤ ਪਠਾਣਮਾਜਰਾ ਵਿੱਚ ਹੀ ਮੁਕਾਬਲਾ ਨਜਰੀਂ ਆਇਆ। ਵੋਟਰਾਂ ਪੱਖੋਂ ਇਸ ਹਲਕੇ ਦਾ ਜ਼ਿਲ੍ਹੇ ਵਿੱਚ ਦੂਜਾ ਸਥਾਨ ਆਉਂਦਾ ਹੈ। ਇਥੇ 2,22,969 ਵੋਟਰਾਂ ਵਿੱਚੋਂ 1,64, 590 (73.82 ਫ਼ੀਸਦੀ) ਨੇ ਵੋਟਾਂ ਪਾਈਆਂ।ਹਲਕਾ ਸਮਾਣਾ ਦੇ 1,92,473 ਵਿੱਚੋਂ 1,47,864 ਵੋਟਰਾਂ ਨੇ 14 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਕੀਤੀ ਹੈ ਪਰ ਇਥੇ ਮੁੱਖ ਮੁਕਾਬਲਾ, ਅਕਾਲੀ, ‘ਆਪ’ ਅਤੇ ਕਾਂਗਰਸ ਦੇ ਉਮੀਦਵਾਰ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਹਲਕਾ ਨਾਭਾ ਵਿਚਲੇ 1,84,623 ਵੋਟਰਾਂ ਵਿੱਚੋਂ 1,42,254 (77.05 ਫ਼ੀਸਦੀ) ਨੇ ਵੋਟਾਂ ਦਾ ਭੁਗਤਾਨ ਕਰਦਿਆਂ 9 ਉਮੀਦਵਾਰਾਂ ਦੀ ਕਿਸਮਤ ਈਵੀਐੱਮ ’ਚ ਬੰਦ ਕੀਤੀ ਪਰ ਮੁੱਖ ਤੌਰ ’ਤੇ ਕਾਂਗਰਸ, ‘ਆਪ’ ਅਤੇ ਅਕਾਲੀ ਉਮੀਦਵਾਰ ਚਰਚਾ ਵਿੱਚ ਹਨ। ਸ਼ੁਤਰਾਣਾ ਹਲਕੇ ਵਿੱਚ ਪੋਲਿੰਗ 75.60 ਫੀਸਦੀ ਹੋਈ। 1,81,568 ਵਿੱਚੋਂ 1,37,267 ਵੋਟਰਾਂ ਨੇ 9 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਪਰ ਮੁੱਖ ਤੌਰ ’ਤੇ ਟੱਕਰ ‘ਆਪ’, ਅਕਾਲੀ ਅਤੇ ਕਾਂਗਰਸ ਦੇ ਉਮੀਦਵਾਰ ਵਿਚਾਲੇ ਹੀ ਰਹੀ।