ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਫਰਵਰੀ
ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿੱਚ ਵੀ 14 ਫਰਵਰੀ ਨੂੰ ਚਾਰ ਨਗਰ ਕੌਂਸਲਾਂ ਦੀ ਚੋਣ ਹੋਣੀ ਹੈ। ਇਨ੍ਹਾਂ ਕੌਂਸਲਾਂ ਦੀਆਂ 92 ਵਾਰਡਾਂ ਲਈ 438 ਉਮੀਦਵਾਰ ਚੋਣ ਮੈਦਾਨ ’ਚ ਹਨ। ਜਿਨ੍ਹਾਂ ਵਿੱਚੋਂ ਕਾਂਗਰਸ ਦੇ 92, ਆਪ ਦੇ 88, ਅਕਾਲੀ ਦਲ ਦੇ 66, ਭਾਜਪਾ ਦੇ 64, ਬਸਪਾ ਦੇ ਦੋ ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ 125 ਹੈ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 197812 ਵੋਟਰਾਂ ਨੇ ਕਰਨਾ ਹੈ। ਜਿਨ੍ਹਾਂ ਵਿੱਚੋਂ 103458 ਪੁਰਸ਼, 94334 ਔਰਤਾਂ ਅਤੇ 20 ਥਰਡ ਜੈਂਡਰ ਵੋਟਰ ਹਨ। ਵੋਟਾਂ ਲਈ 190 ਪੋਲਿੰਗ ਬੂਥ ਬਣਾਏ ਗਏ ਹਨ। ਅੰਕੜਿਆਂ ਪੱਖੋਂ ਨਗਰ ਕੌਂਸਲ ਰਾਜਪੁਰਾ ਮੋਹਰੀ ਹੈ। ਇਥੇ ਸਭ ਤੋਂ ਵੱਧ, 31 ਵਾਰਡ ਤੇ 80416 ( 42009 ਪੁਰਸ਼, 38403 ਮਹਿਲਾਵਾਂ ਅਤੇ 4 ਥਰਡ ਜੈਂਡਰ) ਵੋਟਰ ਹਨ। 76 ਪੋਲਿੰਗ ਬੂਥ ਬਾਏ ਗਏ ਹਨ। 123 ਉਮੀਦਵਾਰਾਂ ਵਿੱਚੋਂ ਕਾਂਗਰਸ ਦੇ 31, ਆਪ ਦੇ 30, ਭਾਜਪਾ ਦੇ 25 ਅਤੇ ਅਕਾਲੀ ਦਲ ਦੇ 20 ਉਮੀਦਵਾਰ ਹਨ।
ਨਗਰ ਕੌਂਸਲ ਨਾਭਾ ਦੀ ਗੱਲ ਕਰੀਏ, ਤਾਂ ਇਥੇ 23 ਵਾਰਡ ਅਤੇ 50095 (26458 ਪੁਰਸ਼ ਅਤੇ 23637 ਔਰਤਾਂ) ਵੋਟਰ ਹਨ। ਪੋਲਿੰਗ ਬੂਥ 45 ਹਨ। ਕੁੱਲ 96 ਉਮੀਦਵਾਰਾਂ ਵਿਚੋਂ ਸਭ ਤੋਂ ਵਧ 23 ਉਮੀਦਵਾਰ ਕਾਂਗਰਸ ਦੇ ਹਨ। ਜਿਨ੍ਹਾਂ ਵਿੱਚੋਂ ਸੀਟਿੰਗ ਪ੍ਰਧਾਨ ਰਜਨੀਸ਼ ਸ਼ੰਟੀ ਬਿਨਾਂ ਮੁਕਾਬਲਾ ਜਿੱਤ ਚੁੱਕਾ ਹੈ। ਇਥੇ ਅਕਾਲੀ ਦਲ , ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕਈ ਵਾਰਡਾਂ ਵਿੱਚ ਉਮੀਦਵਾਰ ਹੀ ਨਹੀਂ ਹਨ। ਸਮਾਣਾ ਵਿੱਚ ਵਾਰਡਾਂ ਦੀ ਗਿਣਤੀ 21 ਅਤੇ ਵੋਟਰਾਂ ਦੀ 44288 ਹੈ। ਇਨ੍ਹਾਂ ਵਿੱਚੋਂ ਪੁਰਸ਼ 22942, ਔਰਤਾਂ 21332 ਅਤੇ ਥਰਡ ਜੈਂਡਰ 14 ਹਨ। 43 ਬੂਥ ਬਣਾਏ ਗਏ ਹਨ। ਇਥੋਂ ਕਾਂਗਰਸ, ਅਕਾਲੀ ਦਲ, ਆਪ ਅਤੇ ਭਾਜਪਾ ਸਮੇਤ ਆਜ਼ਾਦ ਉਮੀਦਵਾਰਾਂ ਦੀ ਗਿਣਤੀ 110 ਹੈ ਪਰ ਕਾਂਗਰਸ ਹੀ ਇੱਕੋ ਇਕ ਅਜਿਹੀ ਪਾਰਟੀ ਹੈ, ਜਿਸ ਦੇ ਸਾਰੀਆਂ ਵਾਰਡਾਂ ਵਿੱਚ ਉਮੀਦਵਾਰ ਹਨ। 17 ਵਾਰਡਾਂ ਵਾਲੀ ਪਾਤੜਾਂ ਨਗਰ ਕੌਂਸਲ ਵਿੱਚ ਵੋਟਰਾਂ ਦੀ ਗਿਣਤੀ 23013 ਹੈ। ਜਿਸ ਵਿੱਚੋਂ 12049 ਪੁਰਸ਼, 10962 ਮਹਿਲਾਵਾਂ ਅਤੇ 2 ਥਰਡ ਜੈਂਡਰ ਹਨ। ਇਥੇ 109 ਉਮੀਦਵਾਰਾਂ ਵਿੱਚੋਂ ਕਾਂਗਰਸ ਤੇ ਆਪ ਦੇ 17-17, ਭਾਜਪਾ ਦੇ 11 ਅਤੇ ਅਕਾਲੀ ਦਲ ਦੇ 10 ਹਨ।
ਬਾਗੀ ਹੋ ਕੇ ਚੋਣਾਂ ਲੜਨ ਖ਼ਿਲਾਫ਼ ਚਿਤਾਵਨੀ
ਲਹਿਰਾਗਾਗਾ (ਪੱਤਰ ਪ੍ਰੇਰਕ) ਭਾਜਪਾ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਨਗਰ ਕੌਂਸਲ ਦੇ ਉਮੀਦਵਾਰਾਂ ਨੂੰ ਜਿੱਥੇ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ, ਉੱਥੇ ਬਾਗ਼ੀ ਉਮੀਦਵਾਰਾਂ ਦੀ ਮਦਦ ਕਰਨ ਵਾਲੇ ਦਾ ਪਾਰਟੀ ਨਾਲ ਕੋਈ ਵਾਸਤਾ ਨਹੀਂ ਰਹੇਗਾ। ਸੂਬਾ ਸੰਯੋਜਕ ਭਾਜਪਾ ਸੈੱਲ ਦੇ ਜਤਿੰਦਰ ਕਾਲੜਾ ਨੇ ਮੀਡੀਆ ਨੂੰ ਕਿਹਾ ਕਿ ਲਹਿਰਾਗਾਗਾ ਦੇ ਮੰਡਲ ਪ੍ਰਧਾਨ ਸੰਦੀਪ ਦੀਪੂ ਤੇ ਜ਼ਿਲ੍ਹਾ ਮੋਰਚਾ ਸੰਗਰੂਰ ਦੀ ਮਹਿਲਾ ਪ੍ਰਧਾਨ ਮੰਜੂ ਬਾਲਾ ਜੋ ਆਜ਼ਾਦਚੋਣ ਲੜ ਰਹੇ ਹਨ, ਨੂੰ ਪਾਰਟੀ ’ਚੋਂ ਬਾਹਰ ਕੀਤਾ ਜਾ ਸਕਦਾ ਹੈ।