ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਗਸਤ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਬਲਾਕ ਭੁਨਰਹੇੜੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਦੀ ਸਹਿਮਤੀ ਨਾਲ ਯੂਨੀਅਨ ਦੀ ਬਲਾਕ ਇਕਾਈ ਭੁਨਰਹੇੜੀ ਦੇ ਪ੍ਰਧਾਨ ਦਵਿੰਦਰ ਸਿੰਘ ਮੰਜਾਲਕਲਾਂ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਉਰਫ ਸ਼ਿੰਗਾਰਾ ਸਿੰਘ ਸਫੇੜਾ ਨੂੰ ਯੂਨੀਅਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ।
ਯੂਨੀਅਨ ਦੇ ਬੁਲਾਰੇ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਕਿਸਾਨ ਅੰਦੋਲਨ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸ਼ੰਭੂ ਵਿੱਚ ਇੱਕ ਵੱਡੀ ਫਰਮ ਦੇ ਸਟੋਰ ਅੱੱਗੇ ਪੱਕਾ ਮੋਰਚਾ ਲਾ ਕੇ ਬੰਦ ਕੀਤਾ ਹੋਇਆ ਸੀ ਪਰ ਇਸ ਦੌਰਾਨ ਯੂਨੀਅਨ ਦੇ ਉਸ ਵੇਲੇ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜੰਗ ਸਿੰਘ ਭਟੇੜੀ ਅਤੇ ਪਟਿਆਲਾ ਬਲਾਕ 2 ਦੇ ਪ੍ਰਧਾਨ ਗੁਰਧਿਆਨ ਸਿੰਘ ਧੰਨਾ ਨੇ ਕਥਿਤ ਤੌਰ ’ਤੇ ਸੌਦੇਬਾਜ਼ੀ ਕਰ ਕੇ ਇਹ ਸਟੋਰ ਖੁੱਲ੍ਹਵਾ ਦਿੱਤਾ ਸੀ ਜਿਸ ਮਗਰੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦੀ ਰਿਪੋਰਟ ਮਗਰੋਂ ਭਟੇੜੀ ਤੇ ਧੰਨਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ।
ਬੁਲਾਰੇ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਬਲਾਕ ਭੁਨਰਹੇੜੀ ਦੇ ਪ੍ਰਧਾਨ ਦਵਿੰਦਰ ਮੰਜਾਲ ਅਤੇ ਸੁਖਵਿੰਦਰ ਸਫੇੜਾ ਨੇ ਵੀ ਭਟੇੜੀ ਅਤੇ ਧੰਨਾ ਨਾਲ ਤਾਲਮੇਲ ਕਰ ਕੇ ਉਨ੍ਹਾਂ ਵੱਲੋਂ ਵੱਖਰੀ ਬਣਾਈ ਗਈ ਜਥੇਬੰਦੀ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਹੀ ਅੱਜ ਮੀਟਿੰਗ ’ਚ ਇਨ੍ਹਾਂ ਦੋਵਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ।
ਗੁਰਧਿਆਨ ਧੰਨਾ ਨੇ ਮੁੜ ਦੋਸ਼ ਨਕਾਰੇ
ਇਸ ਮੌਕੇ ਗੁਰਧਿਆਨ ਧੰਨਾ ਨੇ ਕਿਹਾ ਕਿ ਉਨ੍ਹਾਂ ’ਤੇ ਸੌਦੇਬਾਜ਼ੀ ਕਰਨ ਦੇ ਲਾਏ ਗਏ ਦੋਸ਼ ਨਿਰਮੂਲ ਹਨ ਜਿਸ ਸਬੰਧੀ ਉਹ ਪਹਿਲਾਂ ਹੀ ਸਥਿਤੀ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਫਰਮ ਦੇ ਮਾਲਕਾਂ ਵੱੱਲੋਂ ਯੂਨੀਅਨ ਲਈ ਖੁਦ ਹੀ ਪੰਜ ਲੱਖ ਰੁਪਏ ਦਾ ਫੰਡ ਦਿੱਤਾ ਗਿਆ ਸੀ, ਜਿਸ ਵਿੱਚੋਂ ਉਨ੍ਹਾਂ ਵੱਲੋਂ ਕੁਝ ਜ਼ਿਲ੍ਹਾ ਇਕਾਈ, ਕੁਝ ਬਲਾਕ ਇਕਾਈ ਅਤੇ ਕੁਝ ਪਿੰਡ ਇਕਾਈ ਨੂੰ ਦੇ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਹੁਣ ਆਪਣੀ ਕਿਸਾਨ ਯੂਨੀਅਨ ਭਟੇੜੀ ਦੇ ਨਾਂ ਹੇਠ ਵੱਖਰੀ ਕਿਸਾਨ ਜਥੇਬੰਦੀ ਬਣਾ ਚੁੱਕੇ ਹਨ।