ਪੱਤਰ ਪ੍ਰੇਰਕ
ਰਾਜਪੁਰਾ, 20 ਜੁਲਾਈ
ਥਾਣਾ ਸਿਟੀ ਦੀ ਪੁਲੀਸ ਨੇ ਲੋਕਾਂ ਨੂੰ ਅਮਰੀਕੀ ਡਾਲਰ ਦਿਖਾ ਕੇ ਚਲਾਕੀ ਨਾਲ ਡਾਲਰਾਂ ਦੀ ਬਜਾਏ ਅਖਬਾਰ ਦੇ ਟੁਕੜੇ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਨੌਸਰਬਾਜਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਕੋਲ੍ਹੋਂ 35 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਸਿਮਰਨਜੀਤ ਸਿੰਘ ਵਾਸੀ ਮਕਾਨ ਨੰ. 3298, ਗਲੀ ਨੰ. 2 ਦੁੱਖ ਨਿਵਾਰਨ ਕੈਂਪ ਕਲੌਨੀ ਪਟਿਆਲਾ ਨੇ ਪੁਲੀਸ ਕੋਲ੍ਹ ਸ਼ਿਕਾਇਤ ਦਰਜ ਕਰਵਾਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਦੋ ਨੌਸਰਬਾਜ਼ਾਂ ਸ਼ਾਹਿਦ ਆਲਮ ਵਾਸੀ ਪਿੰਡ ਹੱਟਖੋਲਾ ਸ਼ਾਹਪੁਰ ਜਿਲ੍ਹਾ ਦਿਨਾਜਪੁਰ (ਪੱਛਮੀ ਬੰਗਾਲ) ਅਤੇ ਦਵਿੰਦਰ ਕੁਮਾਰ ਵਾਸੀ ਪਿੰਡ ਲੁਹਾਰਥਾਣਾ ਜਿਲ੍ਹਾ ਝਾਂਸੀ ਨੂੰ ਕਾਬੂ ਕਰਕੇ ਉਨ੍ਹਾ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਤੋਂ ਨਕਦੀ ਵੀ ਬਰਾਮਦ ਕੀਤੀ ਹੈ।