ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 26 ਅਪਰੈਲ
ਇਥੇ ਬੀ.ਐੱਸ.ਐਨ.ਐਲ.ਦੇ ਦੋ ਸੌ ਫੁੱਟ ਉਚੇ ਟਾਵਰ ’ਤੇ ਦੋ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਅੱਜ 37ਵੇਂ ਦਿਨ ਵੀ ਰੋਸ ਪ੍ਰਗਟਾਵਾ ਕਰਦੇ ਰਹੇ। ਕਈ ਦਿਨਾਂ ਤੋਂ ਭੁੱਖੇ ਪਿਆਸੇ ਰਹਿਣ ਕਾਰਨ ਦੋਵੇਂ ਸੰਘਰਸ਼ੀ ਕਾਰਕੁਨਾਂ ਦੀ ਸਿਹਤ ਦਿਨ-ਬ-ਦਿਨ ਵਿਗੜਨ ਲੱਗੀ ਹੈ।
ਮੇਜ਼ਬਾਨ ਜਥੇਬੰਦੀ ਨੇ ਦੱਸਿਆ ਹੈ ਕਿ ਟਾਵਰ ’ਤੇ ਚੜ੍ਹੇ ਹਰਜੀਤ ਮਾਨਸਾ ਦੇ ਹੱਥਾਂ ਦੀ ਚਮੜੀ ਤੇ ਸੁਰਿੰਦਰਪਾਲ ਗੁਰਦਾਸਪੁਰ ਦੀ ਪੈਰਾਂ ਦੀ ਚਮੜੀ ਉਖੜ ਰਹੀ ਹੈ। ਦੋਵੇਂ ਬੇਰੁਜ਼ਗਾਰ ਚਮੜੀ ਰੋਗ ’ਚ ਬੁਰੀ ਤਰ੍ਹਾਂ ਗਿ੍ਫ਼ਤ ’ਚ ਹਨ, ਪ੍ਰੰਤੂ ਕੈਪਟਨ ਸਰਕਾਰ ਨੂੰ ਸੰਘਰਸ਼ੀਆਂ ਦੇ ਹਾਲ ਦੀ ਕੋਈ ਚਿੰਤਾ ਨਹੀਂ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ 20 ਅਪਰੈਲ ਨੂੰ ਜਥੇਬੰਦੀ ਦੇ ਵਫ਼ਦ ਨਾਲ ਪੈਨਲ ਬੈਠਕ ਦੌਰਾਨ ਬੇਰੁਜ਼ਗਾਰਾਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ, ਪ੍ਰੰਤੂ ਹਫ਼ਤਾ ਗੁਜ਼ਰਨ ਦੇ ਬਾਵਜੂਦ ਕੋਈ ਮੰਗ ਹੱਲ ਨਹੀਂ ਕੀਤੀ ਗਈ ਤੇ ਨਾ ਹੀ ਸਿਹਤ ਪੱਖੋਂ ਨਾਸਾਜ਼ ਸੰਘਰਸ਼ੀ ਕਾਰਕੁਨਾਂ ਦਾ ਉਚਿਤਤਾ ਨਾਲ ਗੌਰ ਕੀਤੀ ਜਾ ਰਹੀ ਹੈ।