ਹਰਵਿੰਦਰ ਕੌਰ ਨੌਹਰਾ
ਨਾਭਾ, 25 ਸਤੰਬਰ
ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ’ਤੇ ਅੱਜ ਨਾਭਾ ਮੁਕੰਮਲ ਬੰਦ ਰਿਹਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ਼ ਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਪ੍ਰਸਿੱਧ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਤਰਸੇਮ ਜੱਸੜ, ਕੁਲਵਿੰਦਰ ਬਿੱਲਾ, ਅਵਕਾਸ ਮਾਨ, ਚਮਕੌਰ ਖੱਟੜਾ ਵਿਸ਼ੇਸ਼ ਤੌਰ ’ਤੇ ਨਾਭਾ ਵਿਖੇ ਪੁੱਜੇ। ਇਸ ਮੌਕੇ ਆਪ ਦੇ ਆਗੂ ਗੁਰਦੇਵ ਸਿੰਘ ਮਾਨ, ਜੱਸੀ ਸੋਹੀਆਂ ਆਦਿ ਵੀ ਸ਼ਾਮਲ ਹੋਏ। ਇਨ੍ਹਾਂ ਗਾਇਕਾਂ ਨੇ ਨਾਭਾ ਦੇ ਬੌੜਾਂ ਗੇਟ ਵਿੱਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਹਿੱਸਾ ਲਿਆ ਤੇ ਬਾਅਦ ਵਿੱਚ ਰੋਹਟੀ ਪੁਲ ’ਤੇ ਕਿਸਾਨਾਂ ਵੱਲੋਂ ਸਵੇਰੇ 10 ਵਜੋਂ ਤੋਂ ਸ਼ਾਮ 4 ਵਜੇ ਦੇ ਕਰੀਬ ਤੱਕ ਦਿੱਤੇ ਗਏ ਧਰਨੇ ’ਚ ਸ਼ਮੂਲੀਅਤ ਕੀਤੀ ਤੇ ਕਿਹਾ ਕਿ ਕਿਸਾਨ ਫ਼ਸਲ ਉਗਾਉਂਦਾ ਹੈ ਤਾਂ ਪੂਰਾ ਦੇਸ਼ ਆਪਣਾ ਢਿੱਡ ਭਰਦਾ ਹੈ। ਜੇ ਕਿਸਾਨ ਤੇ ਉਸ ਦੀ ਪੈਦਾਵਾਰ ਵਧੀਆ ਹੋਵੇਗੀ ਤਾਂ ਹੀ ਸਮਾਜ ਦਾ ਆਰਥਿਕ ਢਾਂਚਾ ਮਜ਼ਬੂਤ ਬਣ ਸਕਦਾ ਹੈ। ਪੰਜਾਬ ਖੇਤੀ ਆਧਾਰਤ ਸੂਬਾ ਹੈ, ਜੇ ਖੇਤੀ ਹੀ ਨਾ ਬਚੀ ਤਾਂ ਪੰਜਾਬ ਦਾ ਪੂਰਾ ਅਰਥਚਾਰਾ ਲੜਖੜਾ ਜਾਵੇਗਾ ਕਿਉਂਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਹੈ। ਜੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਹੋ ਗਏ ਤਾਂ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ।