ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਡਾ. ਅਮਰਜੀਤ ਸਿੰਘ ਮਾਨ ਨੇ ਅੱਜ ਖਡਿਆਲ, ਖਡਿਆਲੀ, ਬਖ਼ਸ਼ੀਵਾਲਾ ਅਤੇ ਬਿਗੜਵਾਲ ਆਦਿ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਖਡਿਆਲੀ ਵਿਖੇ ਇਕ ਨੁੱਕੜ ਮੀਟਿੰਗ ਦੌਰਾਨ ਉਨ੍ਹਾਂ ਨੇ ਬੜੀ ਤਸੱਲੀ ਨਾਲ ਲੋਕਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਸਮਾਜ ਸੇਵਾ ਦੇ ਲੇਖੇ ਲੱਗੀ ਹੈ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਜ਼ਿਲ੍ਹਾ ਸੰਗਰੂਰ ਨੂੰ ਨਸ਼ਾ ਮੁਕਤ ਕਰਨ ਦੀ ਨੀਤੀ ਤਹਿਤ ਪਿਛਲੇ ਕਰੀਬ ਪੰਜ ਸਾਲਾਂ ਤੋਂ ਪਿੰਡ ਪਿੰਡ ਜਾ ਕੇ ਧੜਾਧੜ ਖੁੱਲ੍ਹ ਰਹੇ ਸ਼ਰਾਬ ਦੇ ਠੇਕਿਆਂ ਦੇ ਖ਼ਿਲਾਫ਼ ਪੰਚਾਇਤਾਂ ਤੋਂ ਮਤੇ ਪਵਾਏ ਸਨ ਜਿਸ ਤਹਿਤ ਬਹੁਤ ਸਾਰੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਵਿਚ ਠੇਕੇ ਨਾ ਖੋਲ੍ਹਣ ਦੀ ਸਹੁੰ ਵੀ ਖਾਧੀ ਸੀ। ਉਨ੍ਹਾਂ ਕਿਹਾ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਲੜਾਈ ਭ੍ਰਿਸ਼ਟ ਰਾਜਨੀਤੀ ਖ਼ਿਲਾਫ਼ ਹੈ ਉੱਥੇ ਉਨ੍ਹਾਂ ਦੀ ਲੜਾਈ ਸਮਾਜ ਵਿਚ ਫੈਲੇ ਅੰਨ੍ਹੇ ਨਸ਼ਿਆਂ ਦੇ ਖ਼ਿਲਾਫ਼ ਵੀ ਹੈ। ਉਨ੍ਹਾਂ ਕਿਹਾ ਚੋਣ ਜਿੱਤਣਾ ਜਾਂ ਹਾਰਨਾ ਵੱਖਰੀ ਗੱਲ ਹੈ ਪਰ ਉਨ੍ਹਾਂ ਵੱਲੋਂ ਸ਼ਰਾਬ ਖ਼ਿਲਾਫ਼ ਚਲਾਈ ਗਈ ਮੁਹਿੰਮ ਸਦਾ ਹੀ ਬਰਕਰਾਰ ਰਹੇਗੀ।