ਖੇਤਰੀ ਪ੍ਰਤੀਨਿਧ
ਪਟਿਆਲਾ, 31 ਦਸੰਬਰ
ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਸੱਤਵਾਂ ਪੇਅ ਸਕੇਲ ਲਾਗੂ ਕਰਵਾਉਣ ਅਤੇ ਡੀਲਿੰਕ ਬੰਦ ਕਰਵਾਉਣ ਲਈ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਦਾ ਸੰਘਰਸ਼ ਜਾਰੀ ਹੈ। ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀੲਸ਼ਨ (ਪੂਟਾ) ਦੀ ਅਗਵਾਈ ਹੇਠ ਅੱੱਜ ਵੀ ਵਾਈਸ ਚਾਂਸਲਰ ਦੇ ਦਫਤਰ ਬਾਹਰ ਧਰਨਾ ਦਿੱਤਾ। ਪਟਿਆਲਾ ਵਿਚਲੇ ਕਾਲਜਾਂ ਦੇ ਅਧਿਆਪਕਾਂ ਨੇ ਵੀ ਆਪੋ-ਆਪਣੇ ਕਾਲਜਾਂ ’ਚ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।
ਪੂਟਾ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਵਿਰਕ ਅਤੇੇ ਸਕੱਤਰ ਸੁਖਜਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਭਰ ’ਚ ਪ੍ਰਰਦਸ਼ਨ ਜਾਰੀ ਹੈ। ਪੰਜਾਬ ਸਰਕਾਰ ਵਾਰ ਵਾਰ ਇਸ ਮੁੱਦੇ ਨੂੰ ਲੈ ਕੇ ਵਾਅਦਾਖਿਲਾਫ਼ੀ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕਾਂ ਦੀ ਸਾਂਝੀ ਜਥੇਬੰਦੀ ਪੀਫੇਕਟੋ ਦੇ ਸੱਦੇ ਉੱਤੇ ਪਹਿਲਾਂ ਸੱਤਵੇਂ ਪੇਅ ਸਕੇਲ ਅਤੇ ਡੀਲਿੰਕ ਦੇ ਮੁੱਦੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਸੀ ਪਰ ਉੱਚ-ਸਿੱਖਿਆ ਮੰਤਰੀ ਨੇ ਪੇਅ ਸਕੇਲ ਲਾਗੂ ਕਰਨ ਅਤੇ ਡੀ-ਲਿੰਕ ਬੰਦ ਕਰਨ ਦਾ ਵਾਅਦਾ ਕਰਕੇ ਇਸ ਲੜੀਵਾਰ ਭੁੱਖ ਹੜਤਾਲ ਨੂੰ ਖ਼ਤਮ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਵਾਅਦਾ ਨਹੀਂ ਪੁਗਾਇਆ। ਇਸ ਕਰਕੇ ਅਧਿਆਪਕ ਵਰਗ ’ਚ ਰੋਸ ਹੈ। ਪੂਟਾ ਦੇ ਸਾਬਕਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਉਲ ਨੇ ਦੱਸਿਆ ਕਿ ਸਰਕਾਰ ਪੰਜਾਬ ਦੀ ਉੱਚ ਸਿੱਖਿਆ ਨੂੰ ਪੂਰੇ ਦੇਸ਼ ਨਾਲੋਂ ਡੀਲਿੰਕ ਕਰਕੇ ਹਨੇਰੇ ਵੱਲ ਧੱਕ ਰਹੀ ਹੈ, ਪਰ ਅਧਿਆਪਕ ਵਰਗ ਇਹ ਬੇਇਨਸਾਫੀ ਬਰਦਾਸ਼ਤ ਨਹੀਂ ਕਰੇਗਾ।
ਪੂਟਾ ਪ੍ਰਧਾਨ ਭੁਪਿੰਦਰ ਵਿਰਕ ਨੇ ਆਖਿਆ ਕਿ ਸਰਕਾਰ ਨੂੰ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਯੂਜੀਸੀ ਮੁਤਾਬਕ ਸੱਤਵਾਂ ਪੇਅ ਸਕੇਲ ਲਾਗੂ ਕਰੇ। ਧਰਨੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਮੁੱਖ ਬੁਲਾਰੇ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਤੋਂ ਹਟ ਕੇ ਅਸਲ ਧਰਾਤਲ ਉੱਤੇ ਕੰਮ ਕਰਨ ਦੀ ਗੱਲ ਕਰਨੀ ਚਾਹੀਦੀ ਹੈ।
ਧਰਨੇ ਵਿੱਚ ਡਾ. ਮਨਿੰਦਰ ਸਿੰਘ, ਡਾ. ਜਸਦੀਪ ਸਿੰਘ ਤੂਰ, ਡਾ. ਪਰਮਵੀਰ ਸਿੰਘ, ਚਰਨਜੀਤ ਨੌਹਰਾ, ਡਾ. ਅਮਨਦੀਪ ਸਿੰਘ ਸੱਪਲ, ਡਾ. ਮੋਹਨ ਤਿਆਗੀ, ਡਾ. ਚਰਨਜੀਤ ਸਿੰਘ ਅਤੇ ਡਾ. ਹਰਵਿੰਦਰ ਧਾਲੀਵਾਲ ਆਦਿ ਸ਼ਾਮਿਲ ਹੋਏ।