ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਨਵੰਬਰ
ਪੰਜਾਬੀ ਯੂਨੀਵਰਸਿਟੀ ਦਾ ਅੰਤਰ-ਖੇਤਰੀ ਯੁਵਕ ਮੇਲਾ ਭਾਂਤ ਭਾਂਤ ਦੀਆਂ ਮਹਿਕਾਂ ਬਿਖੇਰਦਿਆਂ ਅੱਜ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਹੈ। ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਓਵਰਆਲ ਟਰਾਫੀ ਖਾਲਸਾ ਕਾਲਜ ਪਟਿਆਲਾ ਦੀ ਟੀਮ ਨੇ ਜਿੱਤੀ ਹੈ। ਸੰਪਰਕ ਕਰਨ ’ਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਵਰਿਦਰ ਕੌਸ਼ਿਕ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਖਾਲਸਾ ਕਾਲਜ ਪਟਿਆਲਾ ਦੀ ਟੀਮ ਨੇ ਓਵਰਆਲ ਟਰਾਫੀ ਜਿੱਤੀ ਹੈ, ਦੂਜੇ ਨੰਬਰ ’ਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਰਿਹਾ ਤੇ ਤੀਜਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਹਿੱਸੇ ਆਇਆ।
ਅੰਤਲੇ ਦਿਨ ਗੱਭਰੂਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਨਾਚ ‘ਭੰਗੜੇ’ ਦੀ ਆਈਟਮ ਨਾਲ ਇਹ ਮੇਲਾ ਸਿਖ਼ਰਾਂ ਛੂਹ ਗਿਆ। ਇਸ ਤਰ੍ਹਾਂ ਗਿੱਧਾ ਅਤੇ ਭੰਗੜਾ ਇਸ ਯੁਵਕ ਮੇਲੇ ਦੀ ਸ਼ਾਨ ਹੋ ਨਿਬੜੇ। ਗਿੱਧੇ ਅਤੇ ਭੰਗੜੇ ਦਾ ਸ਼ਿੰਗਾਰ ਬਣੀਆਂ ਬੋਲੀਆਂ ਅਤੇ ਟੱਪਿਆਂ ਨੂੰ ਗੁਣ ਗੁਣਾਉਂਦਿਆਂ ਹਾਲ ’ਚ ਬੈਠੇ ਸਰੋਤੇ ਵੀ ਝੂਮਦੇ ਰਹੇ। ਇਸ ਯੁਵਕ ਮੇਲੇ ਦੌਰਾਨ 31 ਕਲਾ-ਵੰਨਗੀਆਂ ਵਿੱਚ ਯੂਨੀਵਰਸਿਟੀ ਨਾਲ ਸੰਬੰਧਿਤ 69 ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦੇ ਮਨਾਂ ’ਤੇ ਆਪਣੀ ਡੂੰਘੀ ਛਾਪ ਛੱਡੀ। ਇਸ ਦੌਰਾਨ ਖਚਾ ਖਚ ਭਰਿਆ ‘ਗੁਰੂ ਤੇਗ ਬਹਾਦਰ ਹਾਲ’ ਤਾੜੀਆਂ ਸਮੇਤ ਹੌਸਲਾ ਵਧਾਊ ਤੇ ਖੁਸ਼ੀ ਭਰੀਆਂ ਕਿਲਕਾਰੀਆਂ ਨਾਲ ਗੂਜੰਦਾ ਰਿਹਾ। ਅੰਤਲੇ ਦਿਨ ਅੱਜ ਮੁੱਖ ਤੌਰ ’ਤੇ ਭੰਗੜਾ, ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗਾਇਨ, ਭਾਸ਼ਣ ਕਲਾ ਤੇ ਵਾਦ-ਵਿਵਾਦ ਸਮੇਤ ਕਾਵਿ ਆਦਿ ਉਚਾਰਣ ਦੇ ਮੁਕਾਬਲੇ ਵੀ ਕਰਵਾਏ ਗਏ। ਉਂਜ ਇਸ ਮੇਲੇ ਵਿਚ ਇਕਾਂਗੀ, ਮਿਮਿੱਕਰੀ, ਲੋਕ-ਗੀਤ, ਫ਼ੋਕ-ਆਰਕੈਸਟਰਾ, ਸ਼ਾਸਤਰੀ ਸੰਗੀਤ ਵਾਦਨ (ਤਾਲ), ਸ਼ਾਸ਼ਤਰੀ ਸੰਗੀਤ ਵਾਦਨ (ਸਵਰ), ਰੰਗੋਲੀ, ਕਲੇਅ ਮਾਡਲਿੰਗ, ਚਿੱਤਰਕਾਰੀ, ਫ਼ੋਟੋਗਰਾਫ਼ੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ, ਇੰਸਟਾਲੇਸ਼ਨ ਅਤੇ ਮਹਿੰਦੀ ਆਦਿ ਤਰਾਂ ਦੀ ਮੁਕਾਬਲੇਬਾਜ਼ੀ ਵੀ ਹੋਈ। ਆਖਰੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਵਿਚਲੇ ‘ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ’ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਮੇਲੇ ਦੇ ਸਫਲ ਆਯੋਜਨ ਲਈ ਯੁਵਕ ਭਲਾਈ ਵਿਭਾਗ ਨੂੰ ਵਧਾਈ ਦਿੱਤੀ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਮਨਦੀਪ ਸਿੰਘ ਸਿੱਧੂ (ਡੀਆਈਜੀ ਪਟਿਆਲਾ) ਨੇ ਮੁੱਖ ਮਹਿਮਾਨ ਵਜੋਂ ਕਲਾ-ਵੰਨਗੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਸਵੀਪ ਸਬੰਧੀ ਪਟਿਆਲਾ ਦਿਹਾਤੀ ਹਲਕੇ ਦੇ ਨੋਡਲ ਅਫਸਰ ਲੈਕਚਰਾਰ ਸਤਵੀਰ ਗਿੱਲ ਨੇ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਬਾਰੇ ਜਾਗਰੂਕ ਕੀਤਾ।