ਸੁਭਾਸ਼ ਚੰਦਰ
ਸਮਾਣਾ, 5 ਮਾਰਚ
ਸਮਾਣਾ ਨੇੜਲੇ ਪਿੰਡ ਲਲੋਛੀ ਦੇ ਸਰਕਾਰੀ ਹਾਈ ਸਕੂਲ ਵਿੱਚ ਪੁਰਾਣੇ ਬੋਹੜ ਦੇ ਦਰੱਖ਼ਤ ਵੱਢਣ ’ਤੇ ਹੰਗਾਮਾ ਹੋ ਗਿਆ। ਪਿੰਡ ਵਾਸੀਆਂ ਨੇ ਸਕੂਲ ਵਿੱਚ ਇਕੱਠੇ ਹੋ ਕੇ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਪ੍ਰਸ਼ਾਸਨ ਤੋਂ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਪਿੰਡ ਵਾਸੀਆਂ ਮਨਜੀਤ ਸਿੰਘ, ਨਰੇਸ਼ ਕੁਮਾਰ, ਜਗਦੀਸ਼ ਸਿੰਘ, ਕੁਲਵੀਰ ਸਿੰਘ, ਅਵਤਾਰ ਸਿੰਘ ਤੇ ਪ੍ਰੇਮ ਸਿੰਘ ਆਦਿ ਨੇ ਦੱਸਿਆ ਕਿ ਸਕੂਲ ਵਿੱਚ ਜੋ ਰੁੱਖ ਲੱਗੇ ਹੋਏ ਹਨ, ਇਹ ਬਹੁਤ ਪੁਰਾਣੇ ਹਨ ਅਤੇ ਸਾਡੇ ਪਿੰਡ ਦੇ ਬਜ਼ੁਰਗਾਂ ਵੱਲੋਂ ਲਗਵਾਏ ਗਏ ਸਨ। ਉਨ੍ਹਾਂ ਕਿਹਾ ਕਿ ਦੇਸੀ ਬਰੋਟੇ ਤੇ ਪਿੱਪਲ ਦੇ ਮੋਟੇ ਟਾਹਣੇ ਜੋ ਵੱਢੇ ਗਏ ਹਨ, ਪਿੰਡ ਦੇ ਲੋਕ ਇਸ ਦੀ ਪੂਜਾ ਕਰਦੇ ਸਨ।
ਇਸ ਸਬੰਧੀ ਪ੍ਰਧਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰੁੱਖਾਂ ਨੂੰ ਕਟਾਉਣ ਬਾਰੇ ਕੋਈ ਗੱਲ ਨਹੀਂ ਹੋਈ। ਮਿੱਡ-ਡੇਅ ਮੀਲ ਦੀ ਰਸੋਈ ਨੇੜੇ ਹੋਣ ਕਾਰਨ ਸਿਰਫ਼ ਦਰੱਖਤ ਦੀਆਂ ਟਾਹਣੀਆਂ ਕੱਟਣ ਦੀ ਗੱਲ ਠੇਕੇਦਾਰ ਨਾਲ ਹੋਈ ਸੀ ਪਰ ਉਸ ਨੇ ਆਪਣੇ-ਆਪ ਹੀ ਮੋਟੇ ਮੋਟੇ ਟਾਹਣਿਆਂ ਨੂੰ ਕੱਟ ਦਿੱਤਾ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਰੂਪ ਕਿਸ਼ੋਰ ਖੱਤਰੀ ਨੇ ਦੱਸਿਆ ਕਿ ਉਹ ਚੋਣ ਡਿਊਟੀ ’ਤੇ ਹਨ ਪਰ ਉਨ੍ਹਾਂ ਦੇ ਸਕੂਲ ਵਿੱਚ ਦਰੱਖਤ ਕੱਟੇ ਜਾਣ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਹੈ ਜਿਸ ਦੀ ਉਹ ਜਾਂਚ ਕਰਨਗੇ।