ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਾਰਚ
‘ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਹਾਲ ਹੀ ’ਚ ਹੋਈਆਂ ਚੋਣਾ ਦੌਰਾਨ ਸ਼ਹਿਰੀ ਵੋਟਰਾਂ ਵੱਲੋਂ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣਾ ਸ਼ੁਭ ਸ਼ਗਨ ਹੈ। ਕਿਉਂਕਿ ਚਾਰ ਸਾਲਾਂ ਦੇ ਅਰਸੇ ਦੌਰਾਨ ਤਾਂ ਆਮ ਤੌਰ ’ਤੇ ਸਰਕਾਰਾਂ ਲੋਕਾਂ ਵਿਸ਼ਵਾਸ਼ ਖੋ ਬੈਠਦੀਆਂ ਹਨ। ਪਰ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਸ਼ਹਿਰੀ ਵੋਟਰਾਂ ਵੱਲੋਂ ਸਰਕਾਰ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ’ਤੇ ਮੋਹਰ ਲਾਉਂਦਿਆਂ, ਕਾਂਗਰਸੀ ਉਮੀਦਵਾਰਾਂ ਦੀ ਝੋਲੀ ਜਿੱਤ ਪਾਈ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਚੋਣਾਂ ਨਾਲ ਸਬੰਧਤ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ। ਬ੍ਰਹਮ ਮਹਿੰਦਰਾ ਅੱਜ ਇੱਥੇ ਆਪਣੇ ਹਲਕੇ (ਪਟਿਆਲਾ ਦਿਹਾਤੀ) ਨਾਲ ਸਬੰਧਤ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡਣ ਮੌਕੇ ਹੋਏ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਮੰਤਰੀ ਦੇ ਪੀਏ ਬਹਾਦਰ ਖਾਨ ਸਮੇਤ ਮਦਨ ਭਾਰਦਵਾਜ ਆਲੋਵਾਲ, ਹੁਸ਼ਿਆਰ ਸਿੰਘ ਕੈਦੂਪੁਰ,ਰੋਮੀ ਸਿੰਭੜੋ, ਭਜਨ ਸਿੰਘ ਸਿੰਬੜੋ, ਰਘਵੀਰ ਸਿੰਘ ਰੋਹਟੀ, ਹਰਜਸਪਾਲ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਕੌਰ, ਸਰਪੰਚ ਜੈਪਾਲ ਆਦਿ ਵੀ ਮੌਜੂਦ ਸਨ।
ਬ੍ਰਹਮ ਮਹਿੰਦਰਾ ਕਹਿਣਾ ਸੀ ਕਿ ਪੰਜਾਬ ਸਰਕਾਰ ਪੰਜਾਬ ਭਰ ਦੇ ਸ਼ਹਿਰਾਂ ਦੇ ਹੋਰ ਵਧੇਰੇ ਵਿਕਾਸ ਤੇ ਸੁੰਦਰੀਕਰਨ ਲਈ ਵਚਨਬੱਧ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਜਿਥੇ ਪਿੰਡਾਂ ਵਿੱਚ ਸ਼ਹਿਰੀ ਤਰਜ਼ ’ਤੇ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਉੱਥੇ ਹੀ ਸ਼ਹਿਰਾਂ ਸ਼ਹਿਰਾਂ ਵਿੱਚ ਹੋਰ ਵਧੇਰੇ ਵਿਕਾਸ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਦੀਆਂ ਲੰਮੀਆਂ ਸੂਚੀਆਂ ਨੂੰ ਨਿਪਟਾਉਣ ਦਾ ਇੱਕੋ ਇੱਕ ਮੁੱਖ ਕਾਰਨ ਅਕਾਲੀ ਸਰਕਾਰ ਵੱਲੋਂ ਦਹਾਕਾ ਭਰ ਵਿਕਾਸ ਪ੍ਰਤੀ ਧਿਆਨ ਨਾ ਦੇਣਾ ਹੀ ਹੈ ਪਰ ਹੁਣ ਕੈਪਟਨ ਸਰਕਾਰ ਸਮੁੱਚੇ ਪੰਜਾਬ ਨੂੰ ਖੁਸ਼ਹਾਲੀ ਦੀਆਂ ਲੀਹਾਂ ’ਤੇ ਤੋਰ ਰਹੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜਿਥੇ ਪਹਿਲਾਂ ਪੰਚਾਇਤੀ ਚੋਣਾਂ ਦੌਰਾਨ ਲੋਕ ਕਾਂਗਰਸ ਨਾਲ ਖੜ੍ਹੇ ਉੱਥੇ ਹੀ ਹੁਣ ਸ਼ਹਿਰੀ ਪੱਧਰ ਤੇ ਆਧਾਰਿਤ ਨਗਰ ਨਿਗਮ ਨਗਰ ਕੌਂਸਲ ਨਗਰਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਵੀ ਸ਼ਹਿਰੀ ਵੋਟਰਾਂ ਨੇ ਡਟ ਕੇ ਕਾਂਗਰਸ ਦਾ ਸਾਥ ਦਿੱਤਾ ਹੈ।