ਖੇਤਰੀ ਪ੍ਰਤੀਨਿਧ
ਪਟਿਆਲਾ, 14 ਮਾਰਚ
ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਪਟਿਆਲਾ ਡਿਵੀਜ਼ਨ ਅਧੀਨ ਪੈਂਦੇ ਸਮੂਹ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਦਫ਼ਤਰਾਂ ’ਚ ਸਮੇਂ ਦੀ ਪਾਬੰਦੀ ਵੱਲ ਧਿਆਨ ਦੇਣ ਸਮੇਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਨਬਿੇੜਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਹਰੇਕ ਡੀ.ਸੀ ਨੂੰ ਆਪਣੇ ਦਫ਼ਤਰੀ ਅਮਲੇ ਦੀ ਵੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਹੈ। ਪਟਿਆਲਾ ਡਵੀਜ਼ਨ ਵਿਚਲੇ ਜ਼ਿਲ੍ਹਿਆਂ ’ਚ ਪਟਿਆਲਾ, ਸੰਗਰੂਰ, ਲੁਧਿਆਣਾ, ਮਾਲੇਰਕੋਟਲਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਸ਼ਾਮਲ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰੀ ਦਫਤਰਾਂ ’ਚ ਆਪਣੇ ਕੰਮਾਂ-ਕਾਰਾਂ ਲਈ ਆਉਣ ਵਾਲੇ ਆਮ ਨਾਗਰਿਕਾਂ ਨੂੰ ਪੂਰਾ ਇੱਜ਼ਤ ਮਾਣ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦਫਤਰ ਆਉਣ ਵਾਲ਼ੇ ਹਰੇਕ ਵਿਅਕਤੀ ਨੂੰ ਪਹਿਲਾਂ ਕੁਰਸੀ ਤੇ ਫੇਰ ਪਾਣੀ ਮਿਲੇ, ਮਗਰੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।
ਡਿਵੀਜ਼ਨਲ ਕਮਿਸ਼ਨਰ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਮੂਹ ਕਰਮਚਾਰੀ ਅਤੇ ਅਧਿਕਾਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਫ਼ਤਰਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਕੁਤਾਹੀ ਕਰਨ ਵਾਲ਼ਿਆਂ ਵਿਰੁੱਧ ਕਾਰਵਾਈ ਹੋਵੇਗੀ।